ਆਜਾ ਮੇਰੇ ਪਿੰਡ ਦਾ ਵਿਕਾਸ ਵੇਖ ਲੈ'''' ਹੋਇਆ ਗਲੀਆਂ ''ਚ ਸੱਤਿਆਨਾਸ਼ ਵੇਖ ਲੈ

11/21/2017 2:26:25 AM

ਭਗਤਾ ਭਾਈ(ਢਿੱਲੋਂ)-ਸਵੱਛ ਭਾਰਤ ਮੁਹਿੰਮ ਸਿਰਫ ਇਕ ਡਰਾਮਾ ਬਣ ਕੇ ਰਹਿ ਗਈ ਲੱਗਦੀ ਹੈ ਕਿਉਂਕਿ ਇਸ ਮੁਹਿੰਮ ਅਧੀਨ ਵੱਖ-ਵੱਖ ਆਗੂਆਂ ਵੱਲੋਂ ਝਾੜੂ ਫੜ ਕੇ ਅਖਬਾਰਾਂ 'ਚ ਲੱਗੀਆਂ ਫੋਟੋਆਂ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਤਾਂ ਬਣ ਗਈਆਂ ਪਰ ਸਫਾਈ ਪੱਖੋਂ ਪਰਨਾਲਾ ਉਥੇ ਦਾ ਉਥੇ ਹੀ ਨਜ਼ਰੀ ਪੈ ਰਿਹਾ ਹੈ। ਸਾਬਕਾ ਅਤੇ ਮੌਜੂਦਾ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਦੇ ਦਾਅਵੇ ਭਾਵੇਂ ਵੱਡੀ ਪੱਧਰ 'ਤੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਾਲਾਤ ਕੁਝ ਹੋਰ ਹੀ ਬਿਆਨ ਕਰ ਰਹੇ ਹਨ ਕਿਉਂਕਿ ਪਿੰਡਾਂ ਦੀਆਂ ਫਿਰਨੀਆਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ, ਗਲੀਆਂ ਵਿਚ ਨਾਲੀਆਂ ਦਾ ਗੰਦਾ ਪਾਣੀ ਭਰ ਚੁੱਕਾ ਹੈ, ਜੋ ਹਰ ਕਿਸੇ ਲੰਘਣ ਵਾਲੇ ਅਤੇ ਨੇੜੇ ਵਸਦੇ ਘਰਾਂ ਲਈ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਸਰਕਾਰ ਵੱਲੋਂ ਪਾਣੀ ਲਈ ਪਿੰਡਾਂ ਵਿਚ ਭਾਵੇਂ ਆਰ.ਓ. ਸਿਸਟਮ ਤਾਂ ਲਾਏ ਹੋਏ ਹਨ ਪਰ ਆਰ.ਓ. ਦੇ ਨੇੜੇ ਨਿਕਾਸੀ ਨਾਲੀਆਂ ਬੰਦ ਹੋਣ ਕਾਰਨ ਸਕੂਲ ਦੇ ਮੁੱਖ ਗੇਟ ਅੱਗੇ ਗਲੀਆਂ ਵਿਚ ਫਿਰਦਾ ਹੋਇਆ ਦੂਸ਼ਿਤ ਪਾਣੀ ਸਕੂਲੀ ਬੱਚਿਆਂ ਤੇ ਰਾਹਗੀਰਾਂ ਲਈ ਮੁਸੀਬਤ ਬਣਿਆ ਹੋਇਆ ਹੈ। ਇਹ ਤਸਵੀਰਾਂ ਕਿਤੋਂ ਹੋਰ ਦੀਆਂ ਨਹੀਂ ਸਗੋਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦਾ ਕੇਂਦਰ ਬਿੰਦੂ ਮੰਨੇ ਜਾਂਦੇ ਕਸਬਾ ਭਗਤਾ ਦੇ ਨਾਲ ਲੱਗਦੇ ਪਿੰਡ ਸਿਰੀਏ ਵਾਲਾ ਦੀਆਂ ਹਨ। ਇਸ ਤਰ੍ਹਾਂ ਦੇ ਜ਼ਮੀਨੀ ਹਾਲਾਤ ਹਨ, ਜੋ ਵੱਖ-ਵੱਖ ਫੋਟੋਆਂ ਦੇ ਜ਼ਰੀਏ ਤੁਹਾਡੇ ਸਾਹਮਣੇ ਹੋਣਗੇ।