ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਪਾਣੀ ਦੀ ਨਿਕਾਸੀ ਦਾ ਮਸਲਾ ਜਿਉਂ ਦਾ ਤਿਉਂ

11/17/2017 6:55:06 AM

ਚੀਮਾ ਮੰਡੀ(ਗੋਇਲ)- ਕਸਬੇ 'ਚ ਸੀਵਰੇਜ ਪਾਉਣ ਵਾਸਤੇ ਸਰਕਾਰ ਵੱਲੋਂ ਜਾਰੀ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ, ਜਿਸ ਕਾਰਨ ਹਾਲਾਤ ਪਹਿਲਾਂ ਨਾਲੋਂ ਵੀ ਬਦਤਰ ਹੋ ਚੁੱਕੇ ਹਨ ਅਤੇ ਕਸਬਾ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਵਾਰਡ ਨੰਬਰ 7 ਵਿਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਦੇ ਗਲੀ ਵਿਚ ਛੱਪੜ ਲੱਗ ਗਏ ਹਨ, ਜਿਸ ਕਾਰਨ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਕੁਲਦੀਪ ਸਿੰਘ, ਹਰਬੰਸ ਸਿੰਘ, ਦਰਸ਼ਨ ਸਿੰਘ, ਸੁਖਦੇਵ ਸਿੰਘ, ਜੱਗੀ ਸਿੰਘ ਅਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਰਸਤੇ 'ਤੇ ਪਿਛਲੇ ਕਈ ਦਿਨਾਂ ਤੋਂ ਜਮ੍ਹਾ ਗੰਦੇ ਪਾਣੀ ਕਾਰਨ ਅਸੀਂ ਬਹੁਤ ਪ੍ਰੇਸ਼ਾਨ ਹਾਂ। ਇਸ ਸਬੰਧੀ ਅਸੀਂ ਸੀਵਰੇਜ ਵਿਭਾਗ ਦੇ ਮੁਲਾਜ਼ਮਾਂ ਤੇ ਨਗਰ ਪੰਚਾਇਤ ਦਫਤਰ ਵਿਖੇ ਕਈ ਵਾਰ ਕਹਿ ਚੁੱਕੇ ਹਾਂ ਪਰ ਕਿਸੇ ਨੇ ਇਕ ਨਹੀਂ ਸੁਣੀ, ਜਿਸ ਕਾਰਨ ਰਸਤਾ ਬਿਲਕੁਲ ਬੰਦ ਹੋ ਚੁੱਕਾ ਹੈ ਅਤੇ ਪਾਣੀ ਜਮ੍ਹਾ ਹੋਣ ਕਾਰਨ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਇਸ ਤਰ੍ਹਾਂ ਦੇ ਹਾਲਾਤ ਹੀ ਪਿਛਲੇ ਲੰਬੇ ਸਮੇਂ ਤੋਂ ਕਸਬੇ ਦੇ ਤਿਕੋਣੀ ਚੌਕ ਤੋਂ ਪਿੰਡ ਨੂੰ ਜਾਂਦੇ ਬੱਲੜ ਪੱਤੀ ਵਾਲੀ ਧਰਮਸ਼ਾਲਾ ਮੇਨ ਰਸਤੇ 'ਤੇ ਬਣੇ ਹੋਏ ਹਨ, ਜਿਥੇ ਸੀਵਰੇਜ ਸਿਸਟਮ 'ਚ ਰੋਜ਼ਾਨਾ ਹੀ ਕੋਈ ਨਾ ਕੋਈ ਖਰਾਬੀ ਆਈ ਰਹਿੰਦੀ ਹੈ ਅਤੇ ਨਾਲੀਆਂ ਦਾ ਗੰਦਾ ਪਾਣੀ ਘਰਾਂ ਅੱਗੇ ਸੜਕ 'ਤੇ ਖੜ੍ਹਾ ਰਹਿੰਦਾ ਹੈ। ਇਸ ਪਾਣੀ ਦੀ ਨਿਕਾਸੀ ਲਈ ਭਾਵੇਂ ਨਗਰ ਪੰਚਾਇਤ ਨੇ ਨਵੇਂ ਸਿਰੇ ਤੋਂ ਨਾਲੀ ਬਣਾ ਦਿੱਤੀ ਸੀ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ । ਸੀਵਰੇਜ ਸਿਸਟਮ 'ਚ ਖਰਾਬੀ ਕਾਰਨ ਹੀ ਪਸ਼ੂ ਹਸਪਤਾਲ ਦੇ ਸਾਹਮਣੇ ਵਾਲੇ ਚੌਕ ਵਿਚ ਕਈ ਦਿਨਾਂ ਤੋਂ ਗੰਦਾ ਪਾਣੀ ਭਰਿਆ ਪਿਆ ਹੈ, ਜਿਸ ਨੂੰ ਲੈ ਕੇ ਦੁਕਾਨਦਾਰ ਤੇ ਰਾਹਗੀਰ ਬਹੁਤ ਪ੍ਰੇਸ਼ਾਨ ਹਨ ।