ਅੱਧੇ ਘੰਟੇ ਦੀ ਬਾਰਿਸ਼ ਨੇ ਡੁਬੋਇਆ ਮਹਾਨਗਰ, ਹੇਠਲੇ ਇਲਾਕੇ ''ਚ ਭਰਿਆ ਪਾਣੀ

08/26/2017 2:30:24 AM

ਬਠਿੰਡਾ(ਸੁਖਵਿੰਦਰ)-ਸ਼ੁੱਕਰਵਾਰ ਨੂੰ ਲਗਭਗ ਅੱਧਾ ਘੰਟਾ ਹੋਈ ਬਾਰਿਸ਼ ਨੇ ਮਹਾਨਗਰ ਨੂੰ ਡੁਬੋ ਦਿੱਤਾ। ਭਾਰੀ ਮੀਂਹ ਦੇ ਕਾਰਨ ਜਿੱਥੇ ਨੀਵੇਂ ਇਲਾਕਿਆਂ 'ਚ 2 ਤੋਂ 3 ਫੁੱਟ ਤੱਕ ਪਾਣੀ ਭਰ ਗਿਆ, ਉਥੇ ਹੀ ਤੇਜ਼ ਹਵਾਵਾਂ ਦੇ ਕਾਰਨ ਜ਼ਿਆਦਾਤਰ ਇਲਾਕਿਆਂ ਦੀ ਬਿਜਲੀ ਵੀ ਗੁੱਲ ਹੋ ਗਈ। ਭਾਵੇਂ ਡੇਰਾ ਮਾਮਲੇ ਦੇ ਕਾਰਨ ਬਹੁਤ ਘੱਟ ਲੋਕ ਬਾਹਰ ਨਿਕਲੇ ਪਰ ਜੋ ਲੋਕ ਬਾਹਰ ਨਿਕਲੇ ਉਨ੍ਹਾਂ ਨੂੰ ਮੀਂਹ ਦੇ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਈ ਇਲਾਕਿਆਂ ਵਿਚ ਜ਼ਿਆਦਾ ਪਾਣੀ ਹੋਣ ਕਾਰਨ ਵਾਹਨ ਬੰਦ ਹੋ ਗਏ। ਮੀਂਹ ਦੇ ਤੁਰੰਤ ਬਾਅਦ ਨਿਗਮ ਨੇ ਪਾਣੀ ਨੂੰ ਕੱਢਣ ਦੇ ਪ੍ਰਬੰਧ ਸ਼ੁਰੂ ਕਰ ਦਿੱਤੇ ਪਰ ਜ਼ਿਆਦਾਤਰ ਇਲਾਕਿਆਂ 'ਚੋਂ ਪਾਣੀ ਕੱਢਣ ਲਈ ਅਜੇ 8 ਤੋਂ 10 ਘੰਟੇ ਲੱਗ ਸਕਦੇ ਹਨ। 
ਕਈ ਇਲਾਕੇ ਹੋਏ ਜਲ-ਥਲ
ਮੀਂਹ ਦੇ ਕਾਰਨ ਸ਼ਹਿਰ ਦੇ ਪਾਵਰ ਹਾਊਸ ਰੋਡ, ਸਿਵਲ ਲਾਈਨਜ਼ ਇਲਾਕੇ, ਹਾਜੀਰਤਨ, ਅਮਰੀਕ ਸਿੰਘ ਰੋਡ, ਮਾਲ ਰੋਡ, ਸਿਰਕੀ ਬਾਜ਼ਾਰ, ਵੀਰ ਕਾਲੋਨੀ ਅਤੇ ਲਾਈਨਪਾਰ ਦੇ ਕੁਝ ਇਲਾਕਿਆਂ ਵਿਚ ਜ਼ਿਆਦਾ ਪਾਣੀ ਭਰ ਗਿਆ। ਇਨ੍ਹਾਂ ਵਿਚ ਜ਼ਿਆਦਾਤਰ ਇਲਾਕਿਆਂ ਵਿਚ 2 ਤੋਂ 3 ਫੁੱਟ ਤੱਕ ਪਾਣੀ ਜਮ੍ਹਾ ਹੋ ਗਿਆ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੀਂਹ ਦੇ ਪਾਣੀ ਵਿਚ ਕਈ ਵਾਹਨ ਫਸ ਗਏ ਅਤੇ ਉਨ੍ਹਾਂ ਨੂੰ ਧੱਕਾ ਲਾ ਕੇ ਬਾਹਰ ਕੱਢਣਾ ਪਿਆ। 
ਤੇਜ਼ ਹਵਾਵਾਂ ਕਾਰਨ ਦਰੱਖਤ ਡਿਗੇ
ਮੀਂਹ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਦੇ ਕਾਰਨ ਕਈ ਜਗ੍ਹਾ 'ਤੇ ਦਰੱਖਤ ਅਤੇ ਖੰਭੇ ਡਿਗ ਗਏ, ਜਿਸ ਕਾਰਨ ਕਈ ਇਲਾਕਿਆਂ ਦੀ ਬਿਜਲੀ ਗੁੱਲ ਹੋ ਗਈ ਅਤੇ ਕਈ ਘੰਟਿਆਂ ਤੱਕ ਬਿਜਲੀ ਸਪਲਾਈ ਠੱਪ ਰਹੀ। ਕੁਝ ਵਾਹਨਾਂ 'ਤੇ ਦਰੱਖਤ ਡਿਗਣ ਦੇ ਕਾਰਨ ਵਾਹਨ ਵੀ ਨੁਕਸਾਨੇ ਗਏ। ਇਸ ਤੋਂ ਇਲਾਵਾ ਵੀ ਕੁਝ ਸੜਕਾਂ 'ਤੇ ਦਰੱਖਤ ਡਿਗਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ। ਪਾਵਰਕਾਮ ਵੱਲੋਂ ਬਿਜਲੀ ਸਪਲਾਈ ਬਹਾਲ ਦੇ ਯਤਨ ਕੀਤੇ ਜਾ ਰਹੇ ਹਨ। 
ਮੀਂਹ ਨਾਲ ਫਸਲਾਂ ਨੂੰ ਲਾਭ
ਮੀਂਹ ਦੇ ਕਾਰਨ ਜਿੱਥੇ ਆਮ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਕੁਝ ਰਾਹਤ ਮਿਲੀ ਉਥੇ ਹੀ ਕਿਸਾਨਾਂ ਨੇ ਵੀ ਸੁੱਖ ਦਾ ਸਾਹ ਲਿਆ। ਝੋਨਾ ਉਤਪਾਦਕ ਕਿਸਾਨਾਂ ਦੇ ਚਿਹਰਿਆਂ 'ਤੇ ਮੀਂਹ ਕਾਰਨ ਰੌਣਕ ਵਿਖਾਈ ਦਿੱਤੀ, ਜਦੋਂਕਿ ਕਪਾਹ ਦੇ ਲਈ ਵੀ ਫਸਲ ਫਾਇਦੇਮੰਦ ਦੱਸੀ ਜਾ ਰਹੀ ਹੈ। ਮੀਂਹ ਦੇ ਕਾਰਨ ਚਿੱਟੀ ਮੱਖੀ ਅਤੇ ਹੋਰ ਕੀਟਾਂ ਦਾ ਲਾਰਵਾ ਪੌਦਿਆਂ ਤੋਂ ਉਤਰ ਜਾਂਦਾ ਹੈ, ਜਿਸ ਨਾਲ ਫਸਲ ਨੂੰ ਲਾਭ ਮਿਲਦਾ ਹੈ।