ਲੁੱਟਾਂ-ਖੋਹਾਂ ਤੇ ਭਰਜਾਈ ਦਾ ਕਤਲ ਕਰਨ ਵਾਲੇ ਗ੍ਰਿਫਤਾਰ

01/23/2018 7:56:12 AM

ਤਰਨਤਾਰਨ,   (ਅਮਨ, ਸੁਖਚੈਨ, ਭਾਟੀਆ)-  ਜ਼ਿਲਾ ਤਰਨਤਾਰਨ ਦੀ ਪੁਲਸ ਨੇ ਸਮਾਜ-ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਭਿੱਖੀਵਿੰਡ ਵੱਲੋਂ ਕਤਲ ਤੇ ਲੁੱਟਾਂ-ਖੋਹਾਂ ਕਰਨ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 
ਜਾਣਕਾਰੀ ਦਿੰਦੇ ਹੋਏ ਸਬ-ਡਵੀਜ਼ਨ ਭਿੱਖੀਵਿੰਡ ਦੇ ਡੀ. ਐੱਸ. ਪੀ. ਸੁਲੱਖਣ ਸਿੰਘ ਮਾਨ ਨੇ ਦੱਸਿਆ ਕਿ ਪਿਛਲੇ ਦਿਨੀਂ 2 ਅਣਪਛਾਤੇ ਮੋਟਰਸਾਈਕਲ ਸਵਾਰ ਸੁਖਵਿੰਦਰ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਭੈਣੀ ਗੁਰਮੁਖ ਸਿੰਘ ਤੋਂ 50 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ ਸਨ। ਉਨ੍ਹਾਂ 'ਤੇ ਮੁਕੱਦਮਾ ਦਰਜ ਹੋਇਆ ਸੀ। ਮੁਲਜ਼ਮਾਂ ਦੀ ਭਾਲ ਲਈ ਐੱਸ. ਆਈ. ਕਸ਼ਮੀਰ ਸਿੰਘ ਤੇ ਏ. ਐੱਸ. ਆਈ. ਸੁਰਿੰਦਰ ਕੁਮਾਰ ਵੱਲੋਂ ਟੈਕਨੀਕਲ ਤਰੀਕੇ ਨਾਲ ਦੋਸ਼ੀਆਂ ਦੀ ਤਸਦੀਕ ਕੀਤੀ ਗਈ। ਇਸ 'ਚ ਉਨ੍ਹਾਂ ਦੀ ਪਛਾਣ ਦਲਜੀਤ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪੱਟੀ ਤੇ ਕੁਲਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਬਲੇਰ ਵਜੋਂ ਹੋਈ, ਜਿਨ੍ਹਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਵਾਰਦਾਤ 'ਚ ਵਰਤਿਆ ਮੋਟਰਸਾਈਕਲ ਤੇ ਖੋਹ ਕੀਤੀ ਗਈ ਨਕਦੀ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਪਿੰਡ ਮਰਗਿੰਦਪੁਰਾ ਵਿਖੇ ਦਿਓਰ ਵੱਲੋਂ ਆਪਣੀ ਭਰਜਾਈ ਦਾ ਕਤਲ ਕੀਤਾ ਗਿਆ ਸੀ। ਇਸ ਸਬੰਧੀ ਬਲਜਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਮਰਗਿੰਦਪੁਰਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੇ ਮੁਲਜ਼ਮ ਸਾਹਿਬ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਮਰਗਿੰਦਪੁਰਾ ਨੂੰ ਐੱਸ. ਆਈ. ਕਸ਼ਮੀਰ ਸਿੰਘ ਮੁੱਖ ਥਾਣਾ ਅਫਸਰ ਭਿੱਖੀਵਿੰਡ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ। ਉਪਰੰਤ ਅਦਾਲਤ 'ਚ ਪੇਸ਼ ਕਰ ਕੇ ਮੁਲਜ਼ਮਾਂ ਨੂੰ ਰਿਮਾਂਡ 'ਤੇ ਲਿਆ ਜਾਵੇਗਾ।