ਸਿੱਟ ਦਾ ਵੱਡਾ ਦਾਅਵਾ : ਡੇਰਾ ਸਿਰਸਾ ਦੇ ਪ੍ਰਬੰਧਕੀ ਬਲਾਕ ’ਚ ਹੀ ਰਚੀ ਗਈ ਬੇਅਦਬੀ ਦੀ ਸਾਜ਼ਿਸ਼

12/18/2021 6:18:03 PM

ਫ਼ਰੀਦਕੋਟ (ਰਾਜਨ) : ਬੇਅਦਬੀ ਮਾਮਲਿਆਂ ਵਿਚ ਜਾਂਚ ਕਰ ਰਹੀ ਐੱਸ. ਆਈ. ਟੀ. ਦੇ ਮੈਂਬਰ ਐੱਸ.ਐੱਸ.ਪੀ ਮੁਖਵਿੰਦਰ ਸਿੰਘ ਭੁੱਲਰ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਰਿਪੋਰਟ ਪੇਸ਼ ਕਰਕੇ ਇਹ ਦਾਅਵਾ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਾਜ਼ਿਸ਼ ਡੇਰਾ ਸਿਰਸਾ ਦੇ ਪ੍ਰਬੰਧਕੀ ਬਲਾਕ ਵਿਚ ਹੀ ਰਚੀ ਗਈ ਸੀ। ਐੱਸ.ਐੱਸ.ਪੀ ਨੇ ਅਦਾਲਤ ਨੂੰ ਇਸ ਪਹਿਲੂ ਤੋਂ ਵੀ ਜਾਣੂੰ ਕਰਵਾਇਆ ਹੈ ਕਿ ਸਿੱਟ ਵੱਲੋਂ ਕੀਤੀ ਗਈ ਪੁੱਛ-ਗਿੱਛ ਦੌਰਾਨ ਨਾ ਤਾਂ ਡੇਰਾ ਮੁਖੀ ਰਾਮ ਰਹੀਮ ਅਤੇ ਨਾ ਹੀ ਡੇਰੇ ਦੇ ਵਾਈਸ ਚੇਅਰਪਰਸਨ ਡਾ. ਨੈਂਨ ਨੇ ਹੀ ਕੋਈ ਸਹਿਯੋਗ ਦਿੱਤਾ ਹੈ।

ਇਹ ਵੀ ਪੜ੍ਹੋ : ਡੀ. ਜੀ. ਪੀ. ਦੀ ਬਦਲੀ ਤੋਂ ਬਾਅਦ 2 ਆਈ. ਪੀ. ਐੱਸ. ਅਤੇ 11 ਪੀ. ਪੀ. ਐੱਸ. ਅਫਸਰਾਂ ਦੀ ਬਦਲੀਆਂ

ਦੱਸਣਯੋਗ ਹੈ ਕਿ ਬੇਅਦਬੀ ਮਾਮਲਿਆਂ ਦੇ ਮੁਕੱਦਮਾ ਨੰਬਰ 63 ਵਿਚ ਡੇਰਾ ਮੁਖੀ ਰਾਮ ਰਹੀਮ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਸਿੱਟ ਵੱਲੋਂ ਡੇਰਾ ਮੁਖੀ ਨੂੰ ਸੁਨਾਰੀਆ ਜੇਲ ਵਿਚੋਂ ਫ਼ਰੀਦਕੋਟ ਲਿਆ ਕੇ ਪੁੱਛ-ਗਿੱਛ ਕਰਨ ਲਈ ਫ਼ਰੀਦਕੋਟ ਅਦਾਲਤ ਪਾਸੋਂ ਬੀਤੀ 29 ਅਕਤੂਬਰ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕਰਵਾਏ ਸਨ ਪ੍ਰੰਤੂ ਡੇਰੇ ਦੇ ਐਡਵੋਕੇਟ ਰਾਹੀਂ ਡੇਰਾ ਮੁਖੀ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਜਿੱਥੇ ਉਸ ’ਤੇ ਦਰਜ ਮੁਕੱਦਮੇ ਵਿਚ ਐਂਟੀਸਪੇਟਰੀ ਬੇਲ ਦੀ ਮੰਗ ਕੀਤੀ ਸੀ, ਉੱਥੇ ਹੀ ਫ਼ਰੀਦਕੋਟ ਅਦਾਲਤ ਵੱਲੋਂ ਜਾਰੀ ਕੀਤੇ ਗਏ ਪ੍ਰੋਡਕਸ਼ਨ ਵਾਰੰਟ ਰੱਦ ਕਰਕੇ ਉਸਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸੁਨਾਰੀਆ ਜੇਲ ਵਿਚ ਹੀ ਪੁੱਛ-ਗਿੱਛ ਕਰਨ ਦੀ ਅਪੀਲ ਵੀ ਕੀਤੀ ਸੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਅਰਵਿੰਦ ਕੇਜਰੀਵਾਲ ਨੂੰ ਬਹਿਸ ਦੀ ਚੁਣੌਤੀ, ਕਿਹਾ ਜੇ ਹਾਰ ਗਿਆ ਤਾਂ ਛੱਡ ਦੇਵਾਂਗਾ ਸਿਆਸਤ

ਹੁਣ ਜਿੱਥੋਂ ਤੱਕ ਡੇਰਾ ਮੁਖੀ ਵੱਲੋਂ ਮੰਗੀ ਗਈ ਐਂਟੀਸਪੇਟਰੀ ਬੇਲ ਦਾ ਸਵਾਲ ਹੈ, ਇਸ ਮਾਮਲੇ ਵਿਚ ਹਾਈ ਕੋਰਟ ਵੱਲੋਂ ਅਗਲੀ ਸੁਣਵਾਈ 22 ਦਸੰਬਰ ਨਿਰਧਾਰਿਤ ਕੀਤੀ ਜਦਕਿ ਦੂਜੇ ਪਾਸੇ ਸਿੱਟ ਮੈਂਬਰ ਐੱਸ.ਐੱਸ.ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਮਾਨਯੋਗ ਹਾਈ ਕੋਰਟ ਵਿਚ ਇਕ ਐਫ਼ੀਡੇਵਿਟ ਦੇ ਕੇ ਡੇਰਾ ਮੁਖੀ ਲਈ ਪ੍ਰੋਡਕਸ਼ਨ ਵਾਰੰਟਾਂ ਦੀ ਮੰਗ ਕੀਤੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਿੱਟ ਵੱਲੋਂ ਬੀਤੀ 14 ਦਸੰਬਰ ਨੂੰ ਦੂਸਰੇ ਗੇੜ ਦੀ ਪੁੱਛ ਗਿੱਛ ਤੋਂ ਪਹਿਲਾਂ ਹੀ ਡੇਰਾ ਮੁਖੀ ਰਾਮ ਰਹੀਮ ਵੱਲੋਂ ਆਪਣੇ ਐਡਵੋਕੇਟ ਰਾਹੀਂ ਹਾਈਕੋਰਟ ਕੋਰਟ ਵਿਚ ਰਿੱਟ ਦਾਇਰ ਕਰਕੇ ਜਿੱਥੇ ਬੇਅਦਬੀ ਮਾਮਲਿਆਂ ਦੀ ਜਾਂਚ ਸੀ.ਬੀ.ਆਈ ਤੋਂ ਹੀ ਕਰਵਾਉਣ ਦੀ ਮੰਗ ਕੀਤੀ ਸੀ ਉੱਥੇ ਸਿੱਟ ’ਤੇ ਇਹ ਦੋਸ਼ ਵੀ ਲਗਾਇਆ ਸੀ ਕਿ ਉਸਨੂੰ ਬੇਅਦਬੀ ਮਾਮਲਿਆਂ ਵਿਚ ਫਸਾਇਆ ਜਾ ਰਿਹਾ ਹੈ ਜਿਸ ’ਤੇ ਅਗਲੀ ਸੁਣਵਾਈ 21 ਦਸੰਬਰ ਹੋਵੇਗੀ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੇ ਦੋਸ਼ਾਂ ਤੋਂ ਬਾਅਦ ਸੁੱਖੀ ਰੰਧਾਵਾ ਦਾ ਜਵਾਬ, ਦਿੱਤਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh