23 ਸਤੰਬਰ ਨੂੰ ''ਗੱਦੀ ਦਿਵਸ'' ਮਨਾਏਗਾ ਡੇਰਾ ਸੱਚਾ ਸੌਦਾ, ਪ੍ਰਸ਼ਾਸਨ ਅਲਰਟ

09/19/2017 8:22:16 AM

ਸਿਰਸਾ - ਡੇਰਾ ਸੱਚਾ ਸੌਦਾ 'ਚ ਇਕ ਸਮੇਂ ਭਗਤਾਂ ਦਾ ਹੜ੍ਹ ਲੱਗਾ ਰਹਿੰਦਾ ਸੀ। ਅੱਜ ਰਾਮ ਰਹੀਮ ਨੂੰ ਸਜ਼ਾ ਮਿਲਣ ਤੋਂ ਬਾਅਦ ਅਤੇ ਪੰਜਾਬ ਹਰਿਆਣਾ-ਹਾਈਕੋਰਟ ਦੇ ਆਦੇਸ਼ਾਂ 'ਤੇ ਡੇਰੇ 'ਚ ਚਲ ਰਹੇ ਸਰਚ ਆਪਰੇਸ਼ਨ ਅਤੇ ਜ਼ਿਲੇ 'ਚ ਕਰਫਿਊ ਹਟਾਏ ਜਾਣ ਤੋਂ ਬਾਅਦ ਵੀ ਡੇਰੇ 'ਚ ਸੁੰਨਸਾਨ ਮਚੀ ਹੋਈ ਹੈ। ਡੇਰੇ ਦੇ ਬਾਹਰ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਹਨ। ਡੇਰੇ ਦੇ ਅੰਦਰ ਕਰੀਬ 250 ਸਮਰਥਕ 91 ਏਕੜ ਜ਼ਮੀਨ 'ਤੇ ਬਣੇ ਮਹਿਲ, ਕਾਟੇਜ ਅਤੇ ਰਿਜ਼ਾਰਟ ਦੀ ਦੇਖ-ਰੇਖ ਕਰ ਰਹੇ ਹਨ।
23 ਸਤੰਬਰ ਨੂੰ ਡੇਰੇ ਦਾ ਗੱਦੀ ਦਿਵਸ ਹੈ। 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਸ਼ਾਹ ਸਤਨਾਮ ਸਿੰਘ ਮਹਾਰਾਜ ਨੇ ਸੰਤ ਗੁਰਮੀਤ ਰਾਮ ਰਹੀਮ ਨੂੰ ਆਪਣਾ ਉੱਤਰਾਧਿਕਾਰੀ ਘੋਸ਼ਿਤ ਕੀਤਾ ਸੀ। ਇਸ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਡੇਰੇ ਦੇ ਸਮਰਥਕਾਂ ਦੀ ਭੀੜ ਨਾ ਇਕੱਠੀ ਹੋਵੇ ਇਸਦੇ ਲਈ ਖਾਸ ਨਜ਼ਰ ਰੱਖੀ ਜਾ ਰਹੀ ਹੈ। ਸੁਰੱਖਿਆ ਦੇ ਕਾਰਨ ਹਰੇਕ ਆਉਣ-ਜਾਣ ਵਾਲੇ ਵਿਅਕਤੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ।
ਕਰਫਿਊ ਖੁੱਲ੍ਹਣ ਤੋਂ ਬਾਅਦ ਡੇਰੇ 'ਚ ਆਵਾਜਾਈ ਸ਼ੁਰੂ ਹੋ ਗਈ ਹੈ। ਪੁਰਾਣੇ ਡੇਰੇ ਦਾ ਗੇਟ ਸਮਰਥਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਥੇ ਆਸਪਾਸ ਦੀਆਂ ਕਾਲੌਨੀਆਂ 'ਚ ਸ਼ਰਧਾਲੂ ਰਹਿ ਰਹੇ ਹਨ। ਇਸ ਦੇ ਠੀਕ ਸਾਹਮਣੇ ਬਣੀ ਸੱਚ ਮਾਰਕੀਟ ਵੀ ਖੁੱਲਣ ਲੱਗੀ ਹੈ। ਡੇਰੇ ਦਾ ਮਾਹੀ ਸਿਨੇਮਾ ਅਤੇ ਫੂਡ ਪਾਰਕ ਬੰਦ ਹਨ। ਸਿਨੇਮਾ ਅਤੇ ਇਸ ਦੇ ਆਸਪਾਸ ਡੇਰਾ ਮੁਖੀ ਦੀ ਫਿਲਮ ਜੱਟੂ ਇੰਜੀਨੀਅਰ ਦੇ ਪੋਸਟਰ ਅੱਜ ਵੀ ਲੱਗੇ ਹਨ। ਡੇਰਾ ਸੱਚਾ ਸੌਦਾ ਦਾ ਸ਼ਾਹ ਸਤਨਾਮ ਜੀ ਧਾਮ, ਜਿਥੇ ਹਮੇਸ਼ਾਂ ਹਜ਼ਾਰਾਂ ਦੀ ਭੀੜ ਲੱਗੀ ਰਹਿੰਦੀ ਸੀ ਅੱਜ ਸੁੰਨਸਾਨ ਹੈ। ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਜਾਂਚ ਪੜਤਾਲ ਤੋਂ ਬਾਅਦ ਹੀ ਡੇਰੇ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਅਜੇ ਵੀ ਹਸਪਤਾਲ 'ਚ 3-4 ਮਰੀਜ਼ ਭਰਤੀ ਹਨ। ਸਿਰਫ 7 ਨੰਬਰ ਗੇਟ ਤੋਂ ਹੀ ਅੰਦਰ ਆਉਣ ਦਿੱਤਾ ਜਾ ਰਿਹਾ ਹੈ। ਡੇਰੇ ਦੇ ਨਿੱਜੀ ਸੁਰੱਖਿਆ ਕਰਮਚਾਰੀਆਂ ਨੇ ਮੋਰਚਾ ਸੰਭਾਲਿਆ ਹੋਇਆ ਹੈ।
ਡੇਰੇ ਦੇ ਅੰਦਰ ਕਾਲੌਨੀ 'ਚ ਜਾਂਚ ਪੜਤਾਲ ਤੋਂ ਬਾਅਦ ਹੀ ਲੋਕ ਅੰਦਰ ਜਾ ਸਕਦੇ ਹਨ। ਇਥੇ ਇਕ ਸਥਾਨ 'ਤੇ 350 ਲੋਕਾਂ ਦਾ ਰੋਜ਼ ਲੰਗਰ ਬਣ ਰਿਹਾ ਹੈ। ਇਹ ਭੋਜਨ ਰਾਮ ਰਹੀਮ ਦੇ ਨਿੱਜੀ ਸੁਰੱਖਿਆ ਕਰਮਚਾਰੀਆਂ ਅਤੇ ਮਹਿਲਾਂ 'ਚ ਕੰਮ ਕਰਨ ਵਾਲਿਆਂ ਲਈ ਬਣ ਰਿਹਾ ਹੈ। ਰਾਮ ਰਹੀਮ ਦੀ ਗੁਫਾ ਤੋਂ ਲੈ ਕੇ ਸਾਰੀਆਂ ਕੋਠੀਆਂ 'ਤੇ ਤਾਲੇ ਲੱਗੇ ਹਨ। ਇਹ ਰਸਤਾ ਪੂਰੀ ਤਰ੍ਹਾਂ ਸੁੰਨਸਾਨ ਹੈ। ਇਨ੍ਹਾਂ ਮਹਿਲਾਂ ਦੇ ਕੋਲ ਵੀ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਹੈ।