ਕੋਰੋਨਾ ਜੰਗ 'ਚ ਜੁਝਾਰੂ ਬਣ ਕੇ ਨਿੱਤਰ ਰਹੇ ਹਨ ਡੇਰਾਬੱਸੀ ਦੇ ਡਾਕਟਰ

05/15/2020 4:44:25 PM

ਡੇਰਾਬੱਸੀ (ਹਰਪ੍ਰੀਤ ਸਿੰਘ ਕਾਹਲੋਂ): ਜਿੱਥੇ ਇਕ ਪਾਸੇ ਸਿਹਤ ਵਿਭਾਗ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ 'ਚ ਜੁੱਟਿਆ ਹੋਇਆ ਹੈ ਅਤੇ ਮੂਹਰਲੀ ਕਤਾਰ ਵਿੱਚ ਖੜ੍ਹ ਕੇ ਇਹ ਜੰਗ ਲੜ ਰਿਹਾ ਹੈ ।ਉੱਥੇ ਹੀ ਹਸਪਤਾਲ ਦੇ ਅੰਦਰ ਵੀ ਚੰਗੀਆਂ ਸਿਹਤ ਸਹੂਲਤਾਂ ਦੇਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾ ਰਹੀ ਹੈ ।ਸਿਵਲ ਹਸਪਤਾਲ ਡੇਰਾਬੱਸੀ ਅੰਦਰ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿੱਚ ਰੱਖ ਕੇ ਵੱਧ ਤੋਂ ਵੱਧ ਲੋਕਾਂ ਨੂੰ  ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਸਿਹਤ ਸੇਵਾਵਾਂ ਤੋਂ ਵਾਂਝਾ ਨਾ ਰਹਿ ਸਕੇ । ਇਨ੍ਹਾਂ ਸਿਹਤ ਸੇਵਾਵਾਂ ਦੀ ਅਗਵਾਈ ਬਲਾਕ ਡੇਰਾ ਬੱਸੀ 'ਚ ਡਾ ਸੰਗੀਤਾ ਜੈਨ ਸੀਨੀਅਰ ਮੈਡੀਕਲ ਅਫਸਰ ਵਲੋਂ ਕੀਤੀ ਜਾ ਰਹੀ ਹੈ। ਨੋਵਲ ਕੋਰੋਨਾ ਵਾਇਰਸ ਫੈਲਣ ਤੋਂ ਪਹਿਲਾਂ ਹੀ ਬਲਾਕ ਵਿੱਚ ਵੱਖ-ਵੱਖ ਪੱਧਰ ਤੇ ਇਸ ਨਾਲ ਨਜਿੱਠਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ।  ਜਿਸ ਤਹਿਤ ਐਮਰਜੈਂਸੀ ਹਾਲਾਤਾਂ ਵਿੱਚ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਕਰਨ ਤੋਂ ਲੈ ਕੇ ਹੋਰ ਜ਼ਰੂਰੀ ਵਸਤਾਂ ਅਤੇ ਸਟਾਫ ਦੀ ਟ੍ਰੇਨਿੰਗ ਦਾ ਕੰਮ ਸਮੇਂ ਸਿਰ ਮੁਕੰਮਲ ਕਰ ਲਿਆ ਗਿਆ। ਬਲਾਕ ਡੇਰਾਬੱਸੀ ਅਧੀਨ ਪੈਂਦੇ ਪਿੰਡ ਜਵਾਹਰਪੁਰ ਕੋਰੋਨਾ ਵਾਇਰਸ ਦਾ ਪਹਿਲਾ ਪਾਜ਼ੇਟਿਵ ਕੇਸ ਆਉਣ ਤੋਂ ਲੈ ਕੇ ਹੁਣ ਤੱਕ ਡਾ. ਸੰਗੀਤਾ ਜੈਨ ਅਤੇ ਉਨ੍ਹਾਂ ਦੀ ਟੀਮ ਵਲੋਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਦਿਨ-ਰਾਤ ਮਿਹਨਤ ਕੀਤੀ ਜਾ ਰਹੀ ਹੈ।

ਕੋਰੋਨਾ ਵਾਇਰਸ ਦੀ ਇਸ ਮਹਾਮਾਰੀ ਦੌਰਾਨ ਜਿਥੇ ਦੁਨੀਆ ਭਰ ਦੀਆਂ ਸਿਹਤ ਸਹੂਲਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ ਉੱਥੇ ਹੀ ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਵਿਖੇ ਐਮਰਜੈਂਸੀ ਸੇਵਾਵਾਂ ਦੇ ਨਾਲ-ਨਾਲ ਗਾਇਨੀ ਵਿਭਾਗ, ਲੈਬਾਰਟਰੀ ਸੇਵਾਵਾਂ ਅਤੇ ਓਟ ਸੈਂਟਰ ਸਮੇਤ ਕਈ ਵਿਭਾਗਾਂ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਗਈਆਂ । ਇਸ ਸਬੰਧੀ ਡਾ.ਸੰਗੀਤਾ ਜੈਨ ਸੀਨੀਅਰ ਮੈਡੀਕਲ ਅਫਸਰ ਸਿਹਤ ਬਲਾਕ ਡੇਰਾਬੱਸੀ ਨੇ ਦੱਸਿਆ ਕਿ ਸਿਵਲ ਹਸਪਤਾਲ ਡੇਰਾਬੱਸੀ 'ਚ ਐਮਰਜੈਂਸੀ ਸੇਵਾਵਾਂ ਲਗਾਤਾਰ ਜਾਰੀ ਹਨ ਅਤੇ ਨਾਲ ਹੀ ਗਾਇਨੀ ਵਿਭਾਗ ਵੀ ਪੂਰੀ ਤਰ੍ਹਾਂ ਸਰਗਰਮ ਹੈ ।ਅਪ੍ਰੈਲ ਮਹੀਨੇ ਵਿੱਚ ਸਿਵਲ ਹਸਪਤਾਲ ਡੇਰਾਬੱਸੀ ਵਿਖੇ 137 ਜਣੇਪੇ ਕਰਵਾਏ ਗਏ ਜਦ ਕਿ ਮਹੀਨਾ ਮਈ 'ਚ ਹੁਣ ਤੱਕ 61 ਜਣੇਪੇ ਕਰਵਾਏ ਜਾ ਚੁੱਕੇ ਹਨ । ਇਸੇ ਤਰ੍ਹਾਂ ਕੇਵਲ ਅਪ੍ਰੈਲ ਮਹੀਨੇ 'ਚ ਹੀ ਜੇ ਐੱਸ ਵਾਈ ਯੋਜਨਾ ਅਧੀਨ 400 ਦੇ ਕਰੀਬ ਲਾਭਪਾਤਰੀਆਂ ਨੂੰ ਲਾਭ ਦਿੱਤਾ ਜਾ ਚੁੱਕਾ ਹੈ । ਮਹੀਨਾ ਅਪ੍ਰੈਲ 'ਚ ਹੀ 4000 ਤੋਂ ਵੱਧ ਲੈਬ ਟੈਸਟ ਕੀਤੇ ਗਏ । ਓਟ ਸੈਂਟਰ ਵਿੱਚ 112 ਮਰੀਜ਼ਾਂ ਨੂੰ ਨਸ਼ਾ ਛੱਡਣ ਦੀ ਦਵਾਈ ਦਿੱਤੀ ਜਾ ਰਹੀ ਹੈ ਜੋ ਕਿ ਰੋਜ਼ਾਨਾ ਸਿਵਲ ਹਸਪਤਾਲ ਡੇਰਾਬੱਸੀ ਦੇ ਓਟ ਸੈਂਟਰ ਤੋਂ ਦਵਾਈ ਪ੍ਰਾਪਤ ਕਰਦੇ ਹਨ ਪਰ ਹੁਣ ਕੋਰੋਨਾ ਵਾਇਰਸ ਦੀ ਮਹਾਮਾਰੀ ਫੈਲਣ ਕਾਰਨ ਮਰੀਜ਼ਾਂ ਨੂੰ 14 ਦਿਨਾਂ ਦੀ ਇਕੱਠੀ ਦਵਾਈ ਹੀ ਦੇ ਦਿੱਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦਾ ਇਲਾਜ ਨਿਰਵਿਘਨ ਜਾਰੀ ਰਹੇ।

ਇੰਨਾ ਹੀ ਨਹੀਂ ਡਾ ਸੰਗੀਤਾ ਜੈਨ ਨੇ ਦੱਸਿਆ ਕਿ ਬਲਾਕ ਡੇਰਾਬੱਸੀ ਅਧੀਨ ਪੈਂਦੇ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਤੇ ਵੀ ਲੋਕਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਗਈਆਂ ਅਤੇ ਕੋਵਿਡ-19 ਪ੍ਰਤੀ ਜਾਗਰੂਕ ਕੀਤਾ । ਹਰ ਬੁੱਧਵਾਰ ਮਮਤਾ ਦਿਵਸ ਮਨਾ ਕੇ ਸਬ-ਸੈਂਟਰਾਂ ਤੇ ਟੀਕਾਕਰਨ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਮਲਟੀਪਰਪਜ਼ ਹੈਲਥ ਵਰਕਰਾਂ ਅਤੇ ਆਸ਼ਾ ਵਰਕਰਾਂ ਵੱਲੋਂ ਘਰ ਘਰ ਜਾ ਕੇ ਕਰੋਨਾ ਵਾਇਰਸ ਸਬੰਧੀ ਸਰਵੇ ਕੀਤਾ ਜਾ ਰਿਹਾ ਹੈ ਅਤੇ ਬਾਹਰਲੇ ਸੂਬਿਆਂ ਸਮੇਤ ਵਿਦੇਸ਼ ਤੋਂ ਆਏ ਵਿਅਕਤੀਆਂ ਨੂੰ ਏਕਾਂਤਵਾਸ ਕਰਨਾ ਅਤੇ ਰੋਜ਼ਾਨਾ ਉਨ੍ਹਾਂ ਦਾ ਫੋਲੋ ਅਪ ਕਰਨ ਦਾ ਕੰਮ ਵੀ ਫੀਲਡ ਸਟਾਫ ਵੱਲੋਂ ਬਖ਼ੂਬੀ ਨਿਭਾਇਆ ਜਾ ਰਿਹਾ ਹੈ । ਉਨ੍ਹਾਂ ਸਮੂਹ ਸਟਾਫ ਵੱਲੋਂ ਇਕ ਟੀਮ ਵਜੋਂ ਹੁਣ ਤੱਕ ਕੀਤੇ ਕੰਮ ਤੇ ਪੂਰੀ ਤਸੱਲੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਸਿਹਤ ਵਿਭਾਗ ਦਾ ਸਮੂਹ ਸਟਾਫ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ।

Shyna

This news is Content Editor Shyna