ਖੂਬ ਸ਼ਿੰਗਾਰਿਆ ਜਾ ਰਿਹੈ ਡੇਰਾ ਬਾਬਾ ਨਾਨਕ, ਜਾਣੋ ਹੁਣ ਤੱਕ ਦੇ ਕਾਰਜ

10/18/2019 7:20:19 PM

ਡੇਰਾ ਬਾਬਾ ਨਾਨਕ (ਵਤਨ) : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਨੂੰ ਮਨਾਉਣ ਲਈ ਪੰਜਾਬ ਸਰਕਾਰ ਪੱਬਾਂ ਭਾਰ ਹੋਈ ਪਈ ਹੈ। ਇਸ ਦੇ ਨਾਲ ਹੀ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕਸਬੇ ਦੇ ਨਾਲ ਲਗਦੀ ਭਾਰਤ ਪਾਕਿ ਸਰਹੱਦ 'ਤੇ ਬਣ ਰਹੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ ਦੇ ਐਲਾਨ ਨਾਲ ਪੰਜਾਬ ਸਰਕਾਰ ਦੀ ਅਗਵਾਈ ਹੇਠ ਪ੍ਰਸ਼ਾਸਨ ਕਸਬੇ ਦੀ ਨੁਹਾਰ ਬਦਲਣ ਲਈ ਪੱਬਾਂ ਭਾਰ ਹੋ ਗਿਆ ਹੈ। ਸੰਗਤਾਂ ਦੀ ਵੱਡੀ ਆਮਦ ਨੂੰ ਲੈ ਕੇ ਕਸਬੇ 'ਚ ਆਉਂਦੀਆਂ ਸਾਰੀਆਂ ਹੀ ਸੜਕਾਂ ਨੂੰ ਚੌੜਾ ਕਰ ਦਿੱਤਾ ਗਿਆ ਹੈ ਅਤੇ ਸ਼ੰਗਾਰਿਆ ਜਾ ਰਿਹਾ ਹੈ।

ਸਰਕਾਰ ਵਲੋਂ ਕੌਮਾਂਤਰੀ ਸਰਹੱਦ 'ਤੇ ਬਣਾਏ ਜਾ ਰਹੇ ਕਰਤਾਰਪੁਰ ਕੋਰੀਡੋਰ ਕਾਰਨ ਇਹ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਪਲੇਟਫਾਰਮ ਦਾ ਕੰਮ ਕਰੇਗਾ, ਜਿਥੇ ਸੰਗਤਾਂ ਦਾ ਹਜ਼ਾਰਾਂ ਦੀ ਗਿਣਤੀ 'ਚ ਆਉਣਾ ਜਾਣਾ ਲੱਗਿਆ ਰਹਿਣਾ ਹੈ। ਇਸ ਲਈ ਪ੍ਰਸਾਸ਼ਨ ਜਿਥੇ ਸੰਗਤਾਂ ਦੀ ਰਿਹਾਇਸ਼, ਲੰਗਰ, ਪਾਰਕਿੰਗ, ਪਖਾਨੇ, ਆਵਾਜਾਈ ਦੇ ਪ੍ਰਬੰਧਾਂ ਲਈ ਦਿਨ ਰਾਤ ਇਕ ਕਰ ਰਿਹਾ ਹੈ, ਉਥੇ ਕਸਬੇ ਦੀ ਨਗਰ ਕੌਂਸਲ ਕਾਰਜਸਾਧਕ ਅਫਸਰ ਅਨਿਲ ਮਹਿਤਾ ਦੀ ਅਗਵਾਈ 'ਚ ਕਸਬੇ ਦੇ ਸਫਾਈ ਪ੍ਰਬੰਧਾਂ 'ਚ ਵੱਡੇ ਤੌਰ 'ਤੇ ਮੁਹਿੰਮ ਚਲਾ ਰਿਹਾ ਹੈ। ਇਸ ਤੋਂ ਇਲਾਵਾ ਕਸਬੇ ਦੀਆਂ ਸਾਰੀਆਂ ਗਲੀਆਂ ਅਤੇ ਬਜ਼ਾਰਾਂ 'ਚ ਨਵੀਆਂ ਐੱਲ. ਈ. ਡੀ. ਲਾਈਟਾਂ ਲਗਾ ਦਿੱਤੀਆਂ ਗਈਆਂ ਹਨ, ਰਿਪੇਅਰ ਵਰਕ ਚੱਲ ਰਿਹਾ ਹੈ ਅਤੇ ਇਸੇ ਸਬੰਧ 'ਚ ਐਤਵਾਰ ਨੂੰ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 7.91 ਕਰੋੜ ਰੁਪਏ ਦੇ ਪ੍ਰੋਜੇਕਟਾਂ ਦਾ ਉਦਘਾਟਨ ਕਰਨ ਜਾ ਰਹੇ ਹਨ।

ਇਸ ਸਬੰਧੀ ਗੱਲਬਾਤ ਕਰਦਿਆਂ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਡੇਰਾ ਬਾਬਾ ਨਾਨਕ ਵਿਖੇ ਸ਼ਤਾਬਦੀ ਸਮਾਗਮਾਂ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਲਈ ਹਰ ਤਰਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਕਸਬੇ ਵੱਲ ਨੂੰ ਆਉਂਦੀਆਂ ਸਾਰੀਆਂ ਹੀ ਸੜਕਾਂ ਦਾ ਨਵੀਨੀਕਰਨ ਕਰ ਦਿੱਤਾ ਗਿਆ ਹੈ, ਸੜਕਾਂ ਨੂੰ ਚੌੜਾ ਕੀਤਾ ਗਿਆ ਹੈ, ਸੜਕਾਂ ਦੇ ਕਿਨਾਰਿਆਂ 'ਤੇ ਟਾਈਲਾਂ ਲਗਾਈਆਂ ਜਾ ਰਹੀਆਂ ਹਨ ਅਤੇ ਨਿਕਾਸੀ ਨਾਲੇ ਬਣਾ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਆਰਜੀ ਰਿਹਾਇਸ਼ ਲਈ 40 ਏਕੜ 'ਚ ਟੈਂਟ ਸਿਟੀ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 75 ਏਕੜ ਜਗ੍ਹਾ ਤੇ ਵੱਖ-ਵੱਖ ਥਾਵਾਂ ਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸੰਗਤਾਂ ਨੂੰ ਵਧੀਆ ਸਿਹਤ ਸਹੂਲਤਾਂ ਲਈ ਕਸਬੇ ਦੇ ਸਿਵਲ ਹਸਪਤਾਲ ਦੀ ਅਪਗ੍ਰੇਡੇਸ਼ਨ ਦਾ ਕੰਮ ਆਖਰੀ ਪੜਾਅ 'ਤੇ ਹੈ ਅਤੇ ਸੰਗਤਾਂ ਦੀ ਸਹੂਲਤ ਲਈ ਦੋ ਡਾਕਟਰਾਂ ਦੀ ਪੱਕੀ ਡਿਊਟੀ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਵਿਖੇ ਆਉਣ ਵਾਲੀ ਸੰਗਤ ਨੂੰ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
 

Baljeet Kaur

This news is Content Editor Baljeet Kaur