ਲਾਂਘੇ ਦਾ ਕੰਮ ਮੁਕੰਮਲ, ਫਿਲਹਾਲ ਆਮ ਲੋਕਾਂ ਲਈ ਬੰਦ ਕੀਤਾ ਰਾਹ

11/04/2019 2:38:57 PM

ਡੇਰਾ ਬਾਬਾ ਨਾਨਕ (ਗੁਰਪ੍ਰੀਤ ਚਾਵਲਾ) : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਤਿਆਰ ਕੀਤੇ ਗਏ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦਾ ਕੰਮ ਲਗਭਗ ਮੁਕੰਮਲ ਹੋਣ ਦੀ ਕਗਾਰ 'ਤੇ ਹੈ । ਡੇਰਾ ਬਾਬਾ ਨਾਨਕ ਵਿਖੇ ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤਾ ਜਾਵੇਗਾ, ਜਿਸ ਨੂੰ ਲੈ ਕੇ ਪੁਲਸ ਵਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਪੰਜ ਹਜ਼ਾਰ ਪੁਲਸ ਜਵਾਨ ਤਾਇਨਾਤ ਕੀਤੇ ਜਾਣਗੇ।

ਇਸ ਦੇ ਲਈ ਪੁਲਸ ਵਲੋਂ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਆਮਲ ਲੋਕਾਂ ਲਈ ਫਿਲਹਾਲ ਰਾਸਤਾ ਬੰਦ ਕਰ ਦਿੱਤਾ ਗਿਆ ਹੈ ਤੇ ਦੂਰਬੀਨ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਤੋਂ ਵੀ ਫਿਲਹਾਲ ਲਈ ਰੋਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਾਰੇ ਰਾਸਤੇ ਨੂੰ ਸ਼ਿੰਗਾਰਿਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਵੀ ਮੁਕੰਮਲ ਕਰ ਲਿਆ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਕਰਤਾਰਪੁਰ ਕੰਪਲੈਕਸ ਅਤੇ ਗੁਰਦੁਆਰਾ ਦਰਬਾਰ ਸਾਹਿਬ ਦੀਆਂ ਕੁਝ ਸ਼ਾਨਦਾਰ ਤਸਵੀਰਾਂ ਸ਼ੇਅਰ ਕਰਦਿਆਂ ਕਿਹਾ ਕਿ ਸਤਿਕਾਰਯੋਗ ਸਥਾਨ ਗੁਰੂ ਨਾਨਕ ਸਾਹਿਬਾਨ ਦੀ 550ਵੀਂ ਜਯੰਤੀ ਸਮਾਰੋਹ ਲਈ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੇ ਸਵਾਗਤ ਲਈ ਤਿਆਰ ਹੈ।

ਤਸਵੀਰਾਂ ਨੂੰ ਇਮਰਾਨ ਖਾਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ 9 ਨਵੰਬਰ ਨੂੰ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਤੋਂ ਪਹਿਲਾਂ ਸਾਂਝਾ ਕੀਤਾ ਸੀ। 2019 ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਯੰਤੀ ਸਾਲ ਹੈ, ਜਿਨ੍ਹਾਂ ਦਾ ਜਨਮ ਸਥਾਨ ਪਾਕਿਸਤਾਨ ਵਿਚ ਸ੍ਰੀ ਨਨਕਾਣਾ ਸਾਹਿਬ ਹੈ।

ਇਮਰਾਨ ਖਾਨ ਨੇ ਟਵੀਟ ਕੀਤਾ,''ਕਰਤਾਰਪੁਰ ਸਿੱਖ ਸ਼ਰਧਾਲੂਆਂ ਦੇ ਸਵਾਗਤ ਲਈ ਤਿਆਰ ਹੈ।'' ਇਕ ਹੋਰ ਟਵੀਟ ਵਿਚ ਇਮਰਾਨ ਨੇ ਆਪਣੀ ਸਰਕਾਰ ਨੂੰ ਸਮੇਂ 'ਤੇ ਨਿਰਮਾਣ ਕੰਮ ਪੂਰਾ ਕਰਨ 'ਤੇ ਵਧਾਈ ਦਿੱਤੀ ਹੈ। ਆਪਣੇ ਟਵੀਟ ਵਿਚ ਇਮਰਾਨ ਨੇ ਲਿਖਿਆ,''ਮੈਂ ਸ੍ਰੀ ਗੁਰੂ ਨਾਨਕ ਸਾਹਿਬਾਨ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰਿਕਾਰਡ ਸਮੇਂ ਵਿਚ ਕਰਤਾਰਪੁਰ ਨੂੰ ਤਿਆਰ ਕਰਨ ਲਈ ਆਪਣੀ ਸਰਕਾਰ ਨੂੰ ਵਧਾਈ ਦੇਣੀ ਚਾਹੁੰਦਾ ਹਾਂ।''

Baljeet Kaur

This news is Content Editor Baljeet Kaur