ਕਣਕ ਦੇ ਆਗਮੀ ਸੀਜ਼ਨ ਨੂੰ ਆਪਸੀ ਤਾਲਮੇਲ ਨਾਲ ਨੇਪਰੇ ਚੜ੍ਹਾਉਣਾ ਯਕੀਨੀ ਬਣਾਉਣ ਅਧਿਕਾਰੀ : ਡੀ. ਸੀ.

03/24/2017 3:53:19 PM

ਸੰਗਰੂਰ (ਰੂਪਕ) : ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਅਮਰ ਪ੍ਰਤਾਪ ਸਿੰਘ ਵਿਰਕ ਨੇ ਕਣਕ ਦੇ ਅਗਾਮੀ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵੱਖ-ਵੱਖ ਖਰੀਦ ਏਜੰਸੀਆਂ, ਜ਼ਿਲਾ ਮੰਡੀ ਅਫ਼ਸਰ, ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਅਤੇ ਹੋਰਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਕਣਕ ਦੇ ਖਰੀਦ ਪ੍ਰਬੰਧਾਂ ਨੂੰ ਸਬੰਧਤ ਅਧਿਕਾਰੀ ਆਪਸੀ ਤਾਲਮੇਲ ਅਤੇ ਪੂਰੀ ਜ਼ਿੰਮੇਵਾਰੀ ਨਾਲ ਨੇਪਰੇ ਚੜ੍ਹਾਉਣਾ ਯਕੀਨੀ ਬਣਾਉਣ। ਉਨ੍ਹਾਂ ਮੰਡੀਆਂ ਵਿੱਚ ਖਰੀਦ ਕੇਂਦਰਾਂ ਦੇ ਕੰਮਾਂ ਲਈ ਨਿਯੁਕਤ ਕੀਤੇ ਕਰਮਚਾਰੀਆਂ ਨੂੰ ਖਰੀਦ ਸੀਜ਼ਨ ਸਬੰਧੀ ਕੋਈ ਛੁੱਟੀ ਨਾ ਕਰਨ ਦੀ ਹਦਾਇਤ ਕੀਤੀ ਤਾਂ ਜੋ ਕਣਕ ਦੇ ਸ਼ੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਮੰੰਡੀ ਅਫ਼ਸਰ ਸੁਰਿੰਦਰ ਕੁਮਾਰ ਨੂੰ ਹਦਾਇਤ ਕੀਤੀ ਕਿ ਜ਼ਿਲੇ ਦੀਆਂ ਸਮੂਹ ਮੰਡੀਆਂ ਵਿੱਚ ਫੜ੍ਹਾਂ ਦੀ ਸਫਾਈ, ਬਿਜਲੀ, ਪਾਣੀ ਹੋਰ ਲੋੜੀਂਦੇ ਪ੍ਰਬੰਧ ਸਮਾਂ ਰਹਿੰਦੇ ਮੁਕੰਮਲ ਕਰ ਲਏ ਜਾਣ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਖਰੀਦ ਕੇਂਦਰਾਂ ''ਤੇ ਬੋਲੀ ਰੋਜ਼ਾਨਾ ਸਮੇਂ ਨਾਲ ਹੋਣੀ ਚਾਹੀਦੀ ਹੈ। ਉਨ੍ਹਾਂ ਜ਼ਿਲਾ ਮੰਡੀ ਅਫ਼ਸਰ ਨੂੰ ਜ਼ਿਲੇ ਅੰਦਰ 50 ਹਜ਼ਾਰ ਕੁਇੰਟਲ ਤੋਂ ਵਧੇਰੇ ਜਿਨਸ ਪਹੁੰਚਣ ਵਾਲੀਆਂ ਮੰਡੀਆਂ ''ਚ 31 ਮਾਰਚ ਤੱਕ ਪੱਕੇ ਟਾਇਲਟ ਬਣਾਉਣ ਦੇ ਹੁਕਮ ਦਿੱਤੇ। ਉਨ੍ਹਾਂ ਸਮੂਹ ਖਰੀਦ ਏਜੰਸੀਆਂ ਤੋਂ ਬਾਰਦਾਨੇ ਅਤੇ ਕਣਕ ਨੂੰ ਭੰਡਾਰ ਕਰਕੇ ਰੱਖਣ ਵਾਲੀ ਥਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲੈਂਦਿਆਂ ਭੰਡਾਰ ਵਾਲੀ ਥਾਂ ਦੇ ਸਫ਼ਾਈ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਕਣਕ ਦੀ ਖਰੀਦ ਪ੍ਰਕਿਰਿਆ ਦੌਰਾਨ ਕਿਸੇ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। 

Babita Marhas

This news is News Editor Babita Marhas