ਚੌਕਸੀ ਟੀਮਾਂ ਵੱਲੋਂ ਜ਼ਿਲ੍ਹੇ ਭਰ ''ਚ ਜ਼ਹਿਰ ਵਿਕਰੀ ਦੇ ਲਾਇਸੰਸਧਾਰਕਾਂ ਦੀਆਂ ਦੁਕਾਨਾਂ ''ਤੇ ਛਾਪਾਮਾਰੀ

06/10/2020 6:01:42 PM

ਸੰਗਰੂਰ (ਬੇਦੀ) : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਸਮੂਹ ਸਬ-ਡਵੀਜ਼ਨਾਂ ਵਿਚ ਐੱਸ.ਡੀ.ਐਮਜ਼ ਦੀ ਅਗਵਾਈ ਹੇਠਾਂ ਚੌਕਸੀ ਟੀਮਾਂ ਨੇ ਜ਼ਹਿਰ ਵਿਕਰੀ ਦੇ ਲਾਇਸੰਸਧਾਰਕਾਂ ਦੀਆਂ ਦੁਕਾਨਾਂ 'ਤੇ ਅਚਨਚੇਤ ਛਾਪਾਮਾਰੀ ਕੀਤੀ ਅਤੇ ਦਸਤਾਵੇਜ਼ੀ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਦੌਰਾਨ ਜਿਹੜੀਆਂ ਦੁਕਾਨਾਂ 'ਤੇ ਤਰੁੱਟੀਆਂ ਸਾਹਮਣੇ ਆਈਆਂ, ਉਨ੍ਹਾਂ ਨੂੰ ਸਬ-ਡਵੀਜ਼ਨ ਪੱਧਰ 'ਤੇ ਨੋਟਿਸ ਜਾਰੀ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਅੰਕੁਰ ਮਹਿੰਦਰੂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਤੋਂ ਮਿਲੀਆਂ ਹਦਾਇਤਾਂ ਦੇ ਮੱਦੇਨਜ਼ਰ ਅੱਜ ਸਮੂਹ ਸਬ ਡਵੀਜ਼ਨਾਂ ਵਿਚ ਡੇਢ ਦਰਜਨ ਪੁਆਇਜ਼ਨ ਲਾਇਸੰਸ ਧਾਰਕਾਂ ਦੀਆਂ ਦੁਕਾਨਾਂ ਵਿਚ ਛਾਪੇ ਮਾਰ ਕੇ ਉਪਲਬਧ ਸਟਾਕ ਤੇ ਵੇਚੇ ਗਏ ਸਟਾਕ ਬਾਰੇ ਰਜਿਸਟਰਾਂ ਵਿਚ ਕੀਤੇ ਇੰਦਰਾਜਾਂ, ਲਾਇਸੰਸ ਨਵਿਆਉਣ ਸਬੰਧੀ ਕੀਤੀ ਗਈ ਕਾਰਵਾਈ, ਕੋਵਿਡ-19 ਸਬੰਧੀ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਆਦਿ ਦਾ ਨਿਰੀਖਣ ਕੀਤਾ ਗਿਆ ਅਤੇ ਪੁਆਇਜ਼ਨ ਦੇ ਭੰਡਾਰ ਤੇ ਵਿਕਰੀ ਸਬੰਧੀ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਦਿੱਤੇ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਾ ਲਾਇਸੰਸ ਨਵਿਆਉਣ ਤੋਂ ਰਹਿਦਾ ਹੈ ਤਾਂ ਉਨ੍ਹਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਤੁਰੰਤ ਆਪਣਾ ਲਾਇਸੰਸ ਨਵਿਆਉਣ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਬਿਨ੍ਹਾਂ ਲਾਇਸੰਸ ਤੋਂ ਅਜਿਹੇ ਪਦਾਰਥਾਂ ਦੀ ਵਿਕਰੀ ਕਰਦਾ ਹੈ ਤਾਂ ਇਸ ਬਾਰੇ ਸੂਚਨਾ ਜ਼ਿਲ੍ਹਾ ਹੈਲਪਲਾਈਨ ਨੰਬਰ 01672-232304 'ਤੇ ਦਿੱਤੀ ਜਾਵੇ।

Gurminder Singh

This news is Content Editor Gurminder Singh