ਉਪ ਮੁੱਖ ਮੰਤਰੀ ਵੱਲੋਂ ਬਰਨਾਲਾ ਜੇਲ੍ਹ ਦੇ ਕੈਦੀ ਨਾਲ ਵਾਪਰੀ ਘਟਨਾ ਦੇ ਜਾਂਚ ਦੇ ਆਦੇਸ਼

11/05/2021 12:04:25 AM

ਚੰਡੀਗੜ੍ਹ (ਬਿਊਰੋ) : ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਰਨਾਲਾ ਜੇਲ੍ਹ ਦੇ ਕੈਦੀ ਨਾਲ ਵਾਪਰੀ ਘਟਨਾ ਦੀ ਡੂੰਘਾਈ ਤੱਕ ਪੜਤਾਲ ਲਈ ਜਾਂਚ ਦੇ ਆਦੇਸ਼ ਦਿੱਤੇ ਹਨ। ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਕੈਦੀ ਕਰਮਜੀਤ ਸਿੰਘ ਵੱਲੋਂ ਮਾਨਸਾ ਵਿਖੇ ਪੇਸ਼ੀ ਦੌਰਾਨ ਜੇਲ੍ਹ ਸਟਾਫ ’ਤੇ ਕਥਿਤ ਤੌਰ ’ਤੇ ਉਸ ਦੇ ਸਰੀਰ ’ਤੇ ਅਪੱਤੀਜਨਕ ਸ਼ਬਦ ਲਿਖੇ ਹੋਣ ਦੇ ਦੋਸ਼ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਕੋਲ ਜੇਲ ਵਿਭਾਗ ਵੀ ਹੈ, ਨੇ ਏ. ਡੀ. ਜੀ. ਪੀ. (ਜੇਲ੍ਹਾਂ) ਨੂੰ ਇਸ ਮਾਮਲੇ ਦੀ ਡੂੰਘਾਈ ਤੱਕ ਜਾਂਚ ਕਰਨ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਕੈਦੀ ਦਾ ਮੈਡੀਕਲ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਏ. ਡੀ. ਜੀ. ਪੀ. (ਜੇਲ੍ਹਾਂ) ਪੀ ਕੇ ਸਿਨਹਾ ਨੇ ਅੱਗੇ ਦੱਸਿਆ ਕਿ ਡੀ. ਆਈ. ਜੀ. ਫਿਰਜ਼ਪੁਰ ਸਰਕਲ ਤਜਿੰਦਰ ਸਿੰਘ ਮੌੜ ਨੂੰ ਇਸ ਮਾਮਲੇ ਲਈ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ ਜੋ ਭਲਕੇ ਇਕ ਪੁਲਸ ਅਫਸਰ ਨੂੰ ਲੈ ਕੇ ਮੌਕੇ ’ਤੇ ਜਾ ਕੇ ਜਾਂਚ ਕਰਨਗੇ। ਦੱਸਣਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੀ ਅਦਾਲਤ ਉਸ ਸਮੇਂ ਸਵਾਲਾਂ ਦੇ ਘੇਰੇ ’ਚ ਆ ਗਈ, ਜਦੋਂ ਬਰਨਾਲਾ ਜੇਲ੍ਹ ਤੋਂ ਪੇਸ਼ੀ ਭੁਗਤਨ ਆਏ ਇਕ ਕੈਦੀ ਵਲੋਂ ਜੇਲ੍ਹ ਸੁਪਰਡੈਂਟ ’ਤੇ ਵੱਡੇ ਦੋਸ਼ ਲਾਏ ਗਏ। ਕੈਦੀ ਨੇ ਕਿਹਾ ਕਿ ਜੇਲ੍ਹ ਸੁਪਰਡੈਂਟ ਵਲੋਂ ਉਸ ਦੀ ਜੱਜ ਦੇ ਸਾਹਮਣੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਕੱਪੜੇ ਉਤਾਰ ਕੇ ਉਸ ਦੀ ਪਿੱਠ ’ਤੇ ਗਰਮ ਸਰੀਏ ਨਾਲ ਅੱਤਵਾਦੀ ਲਿਖ ਦਿੱਤਾ।

ਇਹ ਵੀ ਪੜ੍ਹੋ : ਫ਼ਿਰੋਜ਼ਪੁਰ ਸਰਹੱਦ ਨੇੜੇ ਮਿਲੇ ਟਿਫ਼ਿਨ ਬੰਬ ’ਚ ਡੀ. ਜੀ. ਪੀ. ਪੰਜਾਬ ਨੇ ਕੀਤੇ ਵੱਡੇ ਖੁਲਾਸੇ 

ਕੈਦੀ ਦੀ ਪਛਾਣ ਕਰਮਜੀਤ ਸਿੰਘ (20) ਵਜੋਂ ਹੋਈ। ਇਸ ਸਬੰਧ ’ਚ ਹੋਰ ਜਾਣਕਾਰੀ ਦਿੰਦੇ ਹੋਏ ਕੈਦੀ ਕਰਮਜੀਤ ਸਿੰਘ ਨੇ ਕਿਹਾ ਕਿ ਉਹ ਅੱਜ ਮਾਨਸਾ ਜ਼ਿਲ੍ਹੇ ਦੀ ਅਦਾਲਤ ’ਚ ਪੇਸ਼ੀ ਭੁਗਤਨ ਆਇਆ ਸੀ। ਉਸ ਨੇ ਜੱਜ ਦੇ ਸਾਹਮਣੇ ਆਪਣੇ ’ਤੇ ਹੋਏ ਅੱਤਿਆਚਾਰ ਦੀ ਕਹਾਣੀ ਦੱਸਦੇ ਹੋਏ ਕਿਹਾ ਕਿ ਬਰਨਾਲਾ ਜੇਲ੍ਹ ਦੇ ਸੁਪਰਡੈਂਟ ਅਤੇ ਹੋਰ ਗਾਰਡਾਂ ਨੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਫਿਰ ਉਨ੍ਹਾਂ ਨੇ ਗਰਮ ਸਰੀਏ ਨਾਲ ਉਸ ਦੀ ਪਿੱਠ ’ਤੇ ਅੱਤਵਾਦੀ ਲਿਖ ਦਿੱਤਾ। ਉਸ ਨੇ ਕਿਹਾ ਕਿ ਉਸ ਦਾ ਕਸੂਰ ਇਹ ਸੀ ਕਿ ਉਸ ਨੇ ਜੇਲ੍ਹ ’ਚ ਹੋ ਰਹੇ ਅੱਤਿਆਚਾਰ ਦੇ ਬਾਰੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖੇ ਸਨ।

ਇਹ ਵੀ ਪੜ੍ਹੋ : ਰੇਤ ਮਾਈਨਿੰਗ ’ਚ ਸ਼ਾਮਲ ਕਾਂਗਰਸੀਆਂ ਦੇ ਨਾਂ ਉਜਾਗਰ ਕਰਨ ਕੈਪਟਨ : ਸ਼੍ਰੋਮਣੀ ਅਕਾਲੀ ਦਲ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

Anuradha

This news is Content Editor Anuradha