ਫਰਿੱਜ ਦੀ ਟਰੇਅ ''ਚੋਂ ਮਿਲਿਆ ਡੇਂਗੂ ਦਾ ਲਾਰਵਾ

11/12/2019 11:32:39 AM

ਲੁਧਿਆਣਾ (ਸਹਿਗਲ) : ਸੂਬੇ ਦੇ ਸਿਹਤ ਵਿਭਾਗ ਵਲੋਂ ਪੇਸ਼ ਕੀਤੇ ਆਂਕੜਿਆਂ 'ਤੇ ਗੌਰ ਕੀਤਾ ਜਾਵੇ ਤਾਂ ਇਸ ਸਮੇਂ ਪੰਜਾਬ 'ਚ 2450 ਦੇ ਕਰੀਬ ਡੇਂਗੂ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ। ਜਦੋਂ ਤੋਂ ਇਸ ਦੀ ਜ਼ਿਆਦਾਤਰ ਗਿਣਤੀ ਲੁਧਿਆਣਾ ਦੇ ਇਕ ਹਸਪਤਾਲ ਤੋਂ ਸਾਹਮਣੇ ਆ ਰਹੀ ਹੈ। ਦਯਾਨੰਦ ਮੈਡੀਕਲ ਕਾਲਜ/ਹਸਪਤਾਲ 'ਚ ਹੁਣ ਤੱਕ 2500 ਤੋਂ ਜ਼ਿਆਦਾ ਡੇਂਗੂ ਦੇ ਮਰੀਜ਼ ਭਰਤੀ ਹੋ ਚੁੱਕੇ ਹਨ। ਇਸ ਤੋਂ ਇਲਾਵਾ 1 ਦਰਜਨ ਤੋਂ ਜ਼ਿਆਦਾ ਲੋਕਾਂ ਦੀ ਡੇਂਗੂ ਨਾਲ ਮੌਤ ਹੋ ਚੁੱਕੀ ਹੈ।

ਸਿਹਤ ਵਿਭਾਗ ਵਲੋਂ ਕੀਤੇ ਗਏ ਇਕ ਸਰਵੇ 'ਚ ਘਰਾਂ 'ਚ ਮੱਛਰ ਦਾ ਲਾਰਵਾ ਪਾਇਆ ਗਿਆ। ਸਰਵੇ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਦੇਖਿਆ ਕਿ ਇਕ ਘਰ 'ਚ ਫਰਿੱਜ ਦੀ ਟਰੇਅ 'ਚ ਡੇਂਗੂ ਮੱਛਰ ਦਾ ਜਿਊਂਦਾ ਲਾਰਵਾ ਮਿਲਿਆ, ਜਦੋਂ ਕਿ ਘਰਾਂ 'ਚ ਲੱਗੇ ਮਨੀ ਪਲਾਂਟ ਦੇ ਬੂਟਿਆਂ 'ਚ ਵੀ ਭਰਪੂਰ ਮਾਤਰਾ 'ਚ ਮੱਛਰ ਦਾ ਲਾਰਵਾ ਮਿਲਿਆ ਹੈ। ਜ਼ਿਲਾ ਮਲੇਰੀਆ ਅਫਸਰ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਉਨ੍ਹਾਂ ਨੇ 935 ਘਰਾਂ ਦਾ ਦੌਰਾ ਕੀਤਾ, ਜਿੱਥੇ ਨਾ ਸਿਰਫ ਮਿਲੇ ਮੱਛਰ ਦਾ ਲਾਰਵਾ ਨਸ਼ਟ ਕੀਤਾ ਗਿਆ, ਸਗੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਫਰਿੱਜ 'ਚ ਮਿਲੇ ਮੱਛਰ ਦੇ ਲਾਰਵੇ ਤੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਡੇਂਗੂ ਦਾ ਕਹਿਰ ਅਜੇ ਕੁਝ ਹੋਰ ਦਿਨ ਜਾਰੀ ਰਹਿ ਸਕਦਾ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮੱਛਰ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣ ਅਤੇ ਸਾਰੇ ਸੰਭਵ ਉਪਾਅ ਕਰਦੇ ਰਹਿਣ।
 

Babita

This news is Content Editor Babita