ਪਟਿਆਲਾ ਜ਼ਿਲ੍ਹੇ 'ਚ ਡੇਂਗੂ ਦੇ 4 ਨਵੇਂ ਕੇਸ ਆਏ ਸਾਹਮਣੇ, ਪਿੰਡ ਬਠੌਣੀਆਂ ਵਿਖੇ ਘਰ-ਘਰ ਕੀਤਾ ਸਰਵੇ

10/21/2021 9:51:48 AM

ਪਟਿਆਲਾ (ਪਰਮੀਤ) : ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ’ਚ ਡੇਂਗੂ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਵਿਚ ਹੋਰ ਵਾਧਾ ਕਰਨ ਦੇ ਦਿਸ਼ਾ-ਨਿਰਦੇਸ਼ਾਂ ਦਿੱਤੇ ਗਏ ਹਨ। ਇਸ ਦੇ ਤਹਿਤ ਪਿੰਡ ਬਠੌਣੀਆਂ ਵਿਖੇ ਸਿਹਤ ਵਿਭਾਗ ਵੱਲੋਂ ਗਤੀਵਿਧੀਆਂ ਲਗਾਤਾਰ ਜਾਰੀ ਹਨ। ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮਿਤ ਸਿੰਘ ਨੇ ਕਿਹਾ ਕਿ ਬੀਤੇ ਦਿਨ ਜ਼ਿਲੇ ’ਚ 4 ਡੇਂਗੂ ਦੇ ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 3 ਸ਼ਹਿਰੀ ਖੇਤਰ ਅਤੇ 1 ਪੇਂਡੂ ਇਲਾਕੇ ਨਾਲ ਸਬੰਧਿਤ ਹੈ।

ਜ਼ਿਲ੍ਹੇ ’ਚ ਕੁੱਲ ਡੇਂਗੂ ਦੇ ਕੇਸਾਂ ਦੀ ਗਿਣਤੀ 250 ਹੋ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਬੁਖ਼ਾਰ ਤੋਂ ਬਚਣ ਲਈ ਸਾਵਧਾਨੀਆਂ ਵਰਤਣੀਆਂ ਯਕੀਨੀ ਬਣਾਈਆਂ ਜਾਣ।ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਪਿੰਡ ਬਠੌਣੀਆਂ ’ਚ ਬੁੱਧਵਾਰ ਨੂੰ ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਸਰਵੇ ਕੀਤਾ ਗਿਆ ਪਰ ਕੋਈ ਬੁਖ਼ਾਰ ਦਾ ਨਵਾਂ ਕੇਸ ਸਾਹਮਣੇ ਨਹੀਂ ਆਇਆ। ਪਿਛਲੇ ਦਿਨੀਂ ਲੈਬ ’ਚ ਭੇਜੇ ਗਏ 20 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਉਨ੍ਹਾਂ ਦੱਸਿਆ ਕਿ ਹੁਣ ਤੱਕ 327 ਘਰਾਂ ਦਾ ਸਰਵੇ ਕਰ ਕੇ 24 ਥਾਵਾਂ ’ਤੇ ਮੱਛਰਾਂ ਦਾ ਲਾਰਵਾ ਮਿਲਣ ’ਤੇ ਨਸ਼ਟ ਕਰਵਾਇਆ ਗਿਆ ਹੈ। ਬੁਖ਼ਾਰ ਦੇ ਕੇਸਾਂ ਵਾਲੇ ਘਰਾਂ ਅਤੇ ਆਲੇ-ਦੁਆਲੇ ਦੇ ਕੁੱਲ 83 ਘਰਾਂ ’ਚ ਇੰਡੋਰ ਸਪਰੇਅ ਕਰਵਾ ਦਿੱਤੀ ਗਈ ਹੈ, ਜਦੋਂ ਕਿ ਫੌਗਿੰਗ ਲਈ ਮਿਊਂਸਪਲ ਕਮੇਟੀ ਰਾਜਪੁਰਾ ਦੇ ਈ. ਓ. ਨੂੰ ਸੀਨੀਅਰ ਮੈਡੀਕਲ ਅਫ਼ਸਰ ਰਾਜਪੁਰਾ ਵੱਲੋਂ ਕਹਿ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਡੇਂਗੂ ਬੁਖ਼ਾਰ ਤੋਂ ਬਚਣ ਲਈ ਜਾਗਰੂਕਤਾ ਮੁਹਿੰਮਾਂ ਵੀ ਲਗਾਤਾਰ ਜਾਰੀ ਹਨ। 
 

Babita

This news is Content Editor Babita