ਜ਼ਿਲੇ ''ਚ ਡੇਂਗੂ ਤੇ ਟਾਇਫਾਈਡ ਦਾ ਪ੍ਰਕੋਪ ਜਾਰੀ, ਲੋਕਾਂ ''ਚ ਡਰ ਦਾ ਮਾਹੌਲ

10/30/2017 10:12:11 AM


ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ 'ਚ ਡੇਂਗੂ ਤੇ ਟਾਇਫਾਈਡ ਦਾ ਪ੍ਰਕੋਪ ਜਾਰੀ ਹੈ ਤੇ ਇਸ ਸਮੇਂ ਸਿਵਲ ਹਸਪਤਾਲ ਫਿਰੋਜ਼ਪੁਰ 'ਚ ਡੇਂਗੂ ਨਾਲ ਪੀੜਤ ਕਰੀਬ 15 ਮਰੀਜ਼ ਦਾਖਲ ਹਨ, ਜਦਕਿ ਬਹੁਤ ਸਾਰੇ ਲੋਕਾਂ ਨੇ ਆਪਣੇ ਮਰੀਜ਼ਾਂ ਨੂੰ ਲੁਧਿਆਣਾ ਆਦਿ ਵੱਡੇ ਸ਼ਹਿਰਾਂ 'ਚ ਦਾਖਲ ਕਰਵਾਇਆ ਹੈ। ਫਿਰੋਜ਼ਪੁਰ ਦੇ ਨਿੱਜੀ ਹਸਪਤਾਲਾਂ 'ਚ ਵੀ ਡੇਂਗੂ ਦੇ ਬਹੁਤ ਸਾਰੇ ਮਰੀਜ਼ ਦਾਖਲ ਹਨ। ਵੱਧਦੇ ਡੇਂਗੂ ਤੇ ਟਾਇਫਾਈਡ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੇ ਜਾਣਕਾਰੀ ਅਨੁਸਾਰ ਕੁਝ ਵੱਡੇ-ਵੱਡੇ ਅਧਿਕਾਰੀ ਵੀ ਇਸ ਦੀ ਲਪੇਟ 'ਚ ਹਨ। 
ਸੂਤਰਾਂ ਅਨੁਸਾਰ ਇਕ ਸੀਮੋਨ ਨਾਂ ਦੀ ਬੱਚੀ ਦੀ ਡੇਂਗੂ ਕਾਰਨ ਫਰੀਦਕੋਟ ਦੇ ਮੈਡੀਕਲ ਹਸਪਤਾਲ 'ਚ ਬੀਤੇ ਦਿਨ ਮੌਤ ਹੋ ਗਈ ਸੀ। ਸੀਮੋਨ ਦੇ ਪਰਿਵਾਰਕ ਮੈਂਬਰਾਂ ਦਾ ਮੰਨਣਾ ਹੈ ਕਿ ਡੇਂਗੂ ਤੋਂ ਪੀੜਤ ਹੋਣ ਕਾਰਨ ਉਸਦਾ ਇਲਾਜ ਗੁਰੂਹਰਸਹਾਏ ਦੇ ਸਰਕਾਰੀ ਹਸਪਤਾਲ 'ਚ ਚੱਲ ਰਿਹਾ ਸੀ, ਜਿਸਨੂੰ ਬਾਅਦ 'ਚ ਫਰੀਦਕੋਟ ਮੈਡੀਕਲ ਕਾਲਜ 'ਚ ਦਾਖਲ ਕਰਵਾ ਦਿੱਤਾ ਗਿਆ, ਜਿਥੇ ਉਸਦੀ ਮੌਤ ਹੋ ਗਈ। ਸੰਪਰਕ ਕਰਨ 'ਤੇ ਸਿਵਲ ਸਰਜਨ ਫਿਰੋਜ਼ਪੁਰ ਡਾਕਟਰ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਡੇਂਗੂ ਦਾ ਸਸਪੈਕਟਿਡ ਕੇਸ ਹੈ ਤੇ ਇਸਦੀ ਫਾਈਲ ਅਸੀਂ ਫਰੀਦਕੋਟ ਮੈਡੀਕਲ ਹਸਪਤਾਲ ਤੋਂ ਮੰਗਵਾਈ ਹੈ, ਜਿਸਦੀ ਜਾਂਚ ਕਰਨ ਉਪਰੰਤ ਸਰਕਾਰੀ ਤੌਰ 'ਤੇ ਐਲਾਨ ਕਰਾਂਗੇ ਕਿ ਸੀਮੋਨ ਦੀ ਮੌਤ ਡੇਂਗੂ ਨਾਲ ਹੋਈ ਹੈ ਜਾਂ ਉਸਦਾ ਕੋਈ ਹੋਰ ਕਾਰਨ ਹੈ।