ਡੈਮੋਕਰੇਟਿਕ ਭਾਰਤੀਯ ਸਮਾਜ ਪਾਰਟੀ ਵੱਲੋਂ ਧਰਨਾ

05/03/2018 6:57:03 AM

ਬੇਗੋਵਾਲ, (ਰਜਿੰਦਰ)- ਡੈਮੋਕਰੇਟਿਕ ਭਾਰਤੀਯ ਸਮਾਜ ਪਾਰਟੀ ਵਲੋਂ ਸੂਬਾ ਜਨਰਲ ਸਕੱਤਰ ਸਤੀਸ਼ ਕੁਮਾਰ ਨਾਹਰ ਦੀ ਅਗਵਾਈ ਹੇਠ ਅੱਜ ਸ਼ਹਿਰ ਦੇ ਭਦਾਸ ਚੌਕ ਵਿਖੇ ਬੇਗੋਵਾਲ ਪ੍ਰਸ਼ਾਸਨ ਦੇ ਖਿਲਾਫ ਧਰਨਾ ਦਿੱਤਾ ਗਿਆ, ਜਿਸ ਦੌਰਾਨ ਧਰਨਾਕਾਰੀਆਂ ਵਲੋਂ ਪੁਲਸ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਸਤੀਸ਼ ਕੁਮਾਰ ਨਾਹਰ ਨੇ ਦੱਸਿਆ ਕਿ ਪਿੰਡ ਮੰਡਕੁੱਲਾ ਵਿਖੇ ਰਹਿ ਰਹੇ ਗੁੱਜਰ ਭਾਈਚਾਰੇ ਦੇ ਯੂਸਫ ਪੁੱਤਰ ਮੇਹਰਦੀਨ ਦੇ ਪਰਿਵਾਰ ਖਿਲਾਫ ਬੇਗੋਵਾਲ ਪੁਲਸ ਵਲੋਂ ਲਗਾਤਾਰ ਕੇਸ ਦਰਜ ਕੀਤੇ ਜਾ ਰਹੇ ਹਨ, ਜੋ ਸਿਆਸਤ ਤੋਂ ਪ੍ਰੇਰਿਤ ਹਨ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਯੂਸਫ ਤੇ ਉਸ ਦੇ ਚਾਰ ਲੜਕਿਆਂ ਖਿਲਾਫ ਇਕ ਹੋਰ ਬੇਬੁਨਿਆਦ ਕੇਸ ਦਰਜ ਕੀਤਾ ਗਿਆ ਹੈ, ਜਿਸ ਦਿਨ ਇਹ ਕੇਸ ਦਰਜ ਹੋਇਆ, ਉਸ ਦਿਨ ਮੁਹੰਮਦ ਅਲੀ ਉਰਫ ਮੁੰਨਾ ਪੁੱਤਰ ਯੂਸਫ ਤੇ ਹੋਰ ਪਹਿਲੇ ਕੇਸ ਵਿਚ ਸ਼ਾਮਲ ਤਫਤੀਸ਼ ਹੋਣ ਲਈ ਬੇਗੋਵਾਲ ਥਾਣੇ ਆਏ ਸੀ। ਉਨ੍ਹਾਂ ਕਿਹਾ ਕਿ ਬੇਗੋਵਾਲ ਪੁਲਸ ਵਲੋਂ ਅਜਿਹਾ ਕਰ ਕੇ ਇਸ ਪਰਿਵਾਰ ਨਾਲ ਧੱਕਾ ਕੀਤਾ ਗਿਆ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਮੁਹੰਮਦ ਅਲੀ ਪੁੱਤਰ ਯੂਸਫ ਨੇ ਦਸਿਆ ਕਿ ਪਿੰਡ ਵਿਚ ਹੀ ਇਕ ਜ਼ਮੀਨ ਦਾ ਸਾਡੇ ਕੋਲ ਲੰਮੇ ਸਮੇਂ ਤੋਂ ਕਬਜ਼ਾ ਹੈ। ਜਿਸ ਨੂੰ ਲੈ ਕੇ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। 
ਇਸ ਮੌਕੇ ਬਿੱਕਾ, ਰਣੀਆਂ, ਰਹਿਮੂ, ਡਾ. ਰਾਜ ਕੁਮਾਰ, ਧਰਮਪਾਲ, ਜਥੇ. ਨਿਰਮਲ ਸਿੰਘ, ਸੁੱਖਾ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਗੁਰਜੈਪਾਲ ਸਿੰਘ, ਦਲਬੀਰ ਸਿੰਘ, ਸਦੀਕ ਆਦਿ ਹਾਜ਼ਰ ਸਨ। ਦੂਜੇ ਪਾਸੇ ਧਰਨੇ ਦੌਰਾਨ ਮੌਕੇ 'ਤੇ ਡੀ. ਐੱਸ. ਪੀ. ਗੁਰਮੀਤ ਸਿੰਘ ਪੁੱਜੇ। ਜਿਨ੍ਹਾਂ ਧਰਨਾਕਾਰੀਆਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਕਰਕੇ ਤਹਾਨੂੰ ਨਿਆਂ ਦਿੱਤਾ ਜਾਵੇਗਾ ਅਤੇ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ। ਜਿਸ ਉਪਰੰਤ ਧਰਨਾਕਾਰੀਆਂ ਵਲੋਂ ਧਰਨਾ ਸਮਾਪਤ ਕੀਤਾ ਗਿਆ। 
ਇਸ ਸਬੰਧੀ ਦੂਜੀ ਧਿਰ ਦੇ ਸਲੀਮ ਵਾਸੀ ਮੰਡਕੁੱਲਾ ਦਾ ਕਹਿਣਾ ਹੈ ਕਿ ਇਹ ਸਾਰਾ ਮਾਮਲਾ ਜ਼ਮੀਨ ਦਾ ਹੈ, ਜੋ ਮੇਰੀ ਹੈ ਅਤੇ ਇਸ ਸਬੰਧ ਵਿਚ ਹੋਈ ਚੋਰੀ ਤੇ ਝਗੜੇ ਸਬੰਧੀ ਮੈਂ ਨਿਆਂ ਲੈਣ ਲਈ ਪੁਲਸ ਕੋਲ ਪਹੁੰਚ ਕੀਤੀ ਸੀ, ਜਿਸ ਉਪਰੰਤ ਪੁਲਸ ਵਲੋਂ ਇਹ ਕੇਸ ਦਰਜ ਕੀਤੇ ਗਏ ਹਨ।