ਸੋਸ਼ਲ ਮੀਡੀਆ ''ਤੇ ਬਾਬਾ ਸਾਹਿਬ ਦਾ ਨਿਰਾਦਰ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ

02/12/2018 3:47:10 AM

ਫਗਵਾੜਾ, (ਜਲੋਟਾ)— ਅੰਬੇਡਕਰ ਸੈਨਾ ਮੂਲ ਨਿਵਾਸੀ ਵੱਲੋਂ ਸੂਬਾ ਪ੍ਰਧਾਨ ਹਰਭਜਨ ਸੁਮਨ ਦੀ ਅਗਵਾਈ ਹੇਠ ਐੱਸ. ਪੀ. ਫਗਵਾੜਾ ਪੀ. ਐੱਸ. ਭੰਡਾਲ ਨੂੰ ਇਕ ਮੰਗ-ਪੱਤਰ ਦਿੱਤਾ ਗਿਆ। ਇਸ ਵਿਚ ਸੋਸ਼ਲ ਮੀਡੀਆ ਰਾਹੀਂ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਅਤੇ ਭਾਰਤੀ ਸੰਵਿਧਾਨ ਦਾ ਨਿਰਾਦਰ ਕਰਨ ਅਤੇ ਆਦਿਧਰਮੀ ਭਾਈਚਾਰੇ ਵਿਰੁੱਧ ਮਾੜੀ ਸ਼ਬਦਾਵਲੀ ਵਰਤਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। 
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਭਜਨ ਸੁਮਨ ਨੇ ਦੱਸਿਆ ਕਿ ਫੇਸਬੁੱਕ 'ਤੇ ਦੋ ਵੱਖ-ਵੱਖ ਆਈ. ਡੀ. ਤੋਂ ਇਸ ਤਰ੍ਹਾਂ ਦੀਆਂ ਕਾਰਗੁਜ਼ਾਰੀਆਂ ਨਾਲ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਕ ਫੇਸਬੁੱਕ ਆਈ. ਡੀ. ਨੂੰ ਬਾਜ ਸਿੰਘ ਨਾਂ ਦਾ ਵਿਅਕਤੀ ਅਤੇ ਦੂਸਰੀ ਆਈ. ਡੀ. ਨੂੰ ਰਜਿੰਦਰ ਕੁਮਾਰ ਨਾਂ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਗ-ਪੱਤਰ ਵਿਚ ਪੁਲਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਗਈ ਹੈ ਕਿ ਉਕਤ ਵਿਅਕਤੀਆਂ ਵਿਰੁੱਧ ਧਾਰਾ 295-ਏ ਆਈ. ਪੀ. ਸੀ., ਐੱਸ. ਸੀ./ਐੱਸ. ਟੀ. ਐਕਟ ਅਤੇ ਸਾਈਬਰ ਕ੍ਰਾਈਮ ਦੀਆਂ ਬਣਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ ਜਾਵੇ। 
ਇਸ ਮੌਕੇ ਐੱਸ. ਪੀ. ਭੰਡਾਲ ਨੇ ਭਰੋਸਾ ਦਿੱਤਾ ਕਿ ਸਮਾਜ ਵਿਚ ਨਫਰਤ ਫੈਲਾਉਣ ਵਾਲੀ ਕਿਸੇ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਜਲਦ ਕਾਨੂੰਨ ਦੇ ਸ਼ਿਕੰਜੇ ਵਿਚ ਲਿਆਂਦਾ ਜਾਵੇਗਾ।
ਇਸ ਮੌਕੇ ਸੰਦੀਪ ਕੌਂਸਲਰ, ਪ੍ਰਦੀਪ ਮੱਲ, ਡਾ. ਜਗਦੀਸ਼, ਬਲਵਿੰਦਰ ਬੋਧ, ਜਸਵਿੰਦਰ ਬੋਧ, ਅਕਾਸ਼ ਬੰਗੜ, ਸ਼ਸ਼ੀ ਚੱਕ ਹਕੀਮ, ਗੁਰਦੀਪ ਕੌਂਸਲਰ, ਵਰਿੰਦਰ ਕਲਿਆਣ, ਜਸਵੰਤ ਚਾਚੋਕੀ, ਅਜੇ ਪੀਪਾਰੰਗੀ, ਪ੍ਰਦੀਪ ਅੰਬੇਡਕਰੀ ਆਦਿ ਹਾਜ਼ਰ ਸਨ।