ਸ਼ਿਵਪੁਰੀ ਰੋਡ ਤੇ ਹਰੀਪੁਰ ਰੋਡ ਨੂੰ ਜਲਦ ਠੀਕ ਕਰਵਾਉਣ ਦੀ ਮੰਗ

09/05/2017 7:14:05 AM

ਆਦਮਪੁਰ, (ਦਿਲਬਾਗੀ, ਹੇਮਰਾਜ)— ਆਦਮਪੁਰ 'ਚ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਵਲੋਂ ਸੀਵਰੇਜ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਆਦਮਪੁਰ ਸ਼ਹਿਰ ਦੇ ਕੁਝ ਹਿੱਸਿਆਂ 'ਚ ਸੀਵਰੇਜ ਦੇ ਪਾਈਪ ਪਾਉਣ ਲਈ ਬਣੀਆਂ ਹੋਈਆਂ ਸੜਕਾਂ ਅਤੇ ਗਲੀਆਂ ਨੂੰ ਪੁੱਟ ਦਿੱਤਾ ਗਿਆ ਸੀ। ਹੁਣ ਜਦੋਂ ਦੀ ਪੰਜਾਬ ਵਿਚ ਨਵੀਂ ਸਰਕਾਰ ਆਈ ਹੈ, ਤਦ ਤੋਂ ਹੀ ਆਦਮਪੁਰ ਦੇ ਸੀਵਰੇਜ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਤੇ ਠੇਕੇਦਾਰ ਆਪਣੀ ਮਸ਼ੀਨਰੀ ਵੀ ਆਦਮਪੁਰ ਤੋਂ ਲੈ ਗਏ ਅਤੇ ਇਸ ਕੰਮ ਦੇ ਬੰਦ ਹੋਣ ਨਾਲ ਸੀਵਰੇਜ ਪਾਉਣ ਦਾ ਕੰਮ ਅੱਧ-ਅਧੂਰਾ ਹੀ ਰਹਿ ਗਿਆ, ਜਿਸ ਦੀ ਸਜ਼ਾ ਹੁਣ ਆਦਮਪੁਰ ਵਾਸੀ ਪਿਛਲੇ ਕਈ ਮਹੀਨਿਆਂ ਤੋਂ ਭੁਗਤ ਰਹੇ ਹਨ। 
ਆਦਮਪੁਰ ਦੀ ਸ਼ਿਵਪੁਰੀ, ਸਪੋਰਟਸ ਸਟੇਡੀਅਮ, ਰਾਮਗੜ੍ਹੀਆ ਕਾਲਜ, ਪ੍ਰਾਇਮਰੀ ਸਕੂਲ ਅਤੇ ਦੁਸਹਿਰਾ ਗਰਾਊਂਡ ਨੂੰ ਜਾਂਦੀ ਮੇਨ ਸੜਕ ਅਤੇ ਹਰੀਪੁਰ ਰੋਡ ਦੇ ਦਸਮੇਸ਼ ਨਗਰ ਨੂੰ ਜਾਂਦੀ ਮੇਨ ਸੜਕ ਦਾ ਤਾਂ ਬਹੁਤ ਹੀ ਬੁਰਾ ਹਾਲ ਹੈ। ਇਨ੍ਹਾਂ ਸੜਕਾਂ 'ਤੇ ਆਮ ਲੋਕਾਂ ਦਾ ਵਾਹਨਾਂ 'ਤੇ ਤਾਂ ਕੀ, ਪੈਦਲ ਚੱਲਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਹੈ। ਇਨ੍ਹਾਂ ਸੜਕਾਂ 'ਤੇ ਕਾਫੀ ਡੂੰਘੇ-ਡੂੰਘੇ ਟੋਏ ਪਏ ਹੋਏ ਹਨ। ਜਦੋਂ ਸਮੱਸਿਆ ਸੰਬੰਧੀ ਜਨਤਾ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਤੇ ਕੌਂਸਲਰਾਂ ਨਾਲ ਇਨ੍ਹਾਂ ਸੜਕਾਂ ਨੂੰ ਠੀਕ ਕਰਵਾਉਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਇਹ ਕਹਿ ਕੇ ਪੱਲਾ ਝਾੜ ਦਿੰਦੇ ਹਨ ਕਿ ਇਨ੍ਹਾਂ ਸੜਕਾਂ ਨੂੰ ਸੀਵਰੇਜ ਬੋਰਡ ਹੀ ਠੀਕ ਕਰਵਾਏਗਾ। ਨਹੀਂ ਤਾਂ ਅਸੀਂ ਮੀਟਿੰਗ ਵਿਚ ਮਤਾ ਪਾਸ ਕਰਵਾ ਕੇ ਹੀ ਕਰ ਸਕਦੇ ਹਾਂ ਪਰ ਕੌਂਸਲਰਾਂ ਦੀ ਆਪਸੀ ਖਿੱਚੋਤਾਣ ਕਾਰਨ ਆਦਮਪੁਰ ਦੇ ਵਿਕਾਸ ਕੰਮਾਂ ਦਾ ਕੋਈ ਵੀ ਮਤਾ ਪਿਛਲੇ ਕਈ ਮਹੀਨਿਆਂ ਤੋਂ ਪਾਸ ਨਹੀਂ ਹੋ ਸਕਿਆ। ਆਦਮਪੁਰ ਦੀਆਂ ਵੱਖ-ਵੱਖ ਸੰਸਥਾਵਾਂ ਤੇ ਨਗਰ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਨ੍ਹਾਂ ਸੜਕਾਂ ਨੂੰ ਜਲਦ ਠੀਕ ਕਰਵਾਇਆ ਜਾਵੇ।