ਸਰਨਾ ਵੱਲੋਂ ਮੁੱਖ ਮੰਤਰੀ ਕੈਪਟਨ ਨੂੰ ਕਲੀਨਚਿੱਟ ਦੇਣ ''ਤੇ ਦਿੱਲੀ ਕਮੇਟੀ ਦੇ ਤੇਵਰ ਸਖਤ, ਹੋਇਆ ਵਿਵਾਦ ਖੜ੍ਹਾ

06/20/2017 6:42:37 PM

ਨਵੀਂ ਦਿੱਲੀ— 21 ਸਿੱਖ ਨੌਜਵਾਨਾਂ ਦੇ ਹਿਰਾਸਤੀ ਕਤਲ ਮਾਮਲੇ ਦੇ ਕਥਿਤ ਮੁੱਖ ਰਾਜਦਾਰ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਤੀ ਗਈ ਕਲੀਨਚਿੱਟ 'ਤੇ ਵਿਵਾਦ ਪੈਦਾ ਹੋ ਗਿਆ ਹੈ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਬੁਲਾਰੇ ਪਰਮਿੰਦਰ ਪਾਲ ਸਿੰਘ, ਸੀਨੀਅਰ ਆਗੂ ਓਂਕਾਰ ਸਿੰਘ ਥਾਪਰ ਅਤੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਮੰਗਲਵਾਰ ਨੂੰ ਕਮੇਟੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਨਾ ਦੀ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਕੀਤੇ।
ਕਾਲਕਾ ਨੇ ਦੱਸਿਆ ਕਿ 21 ਸਿੱਖ ਨੌਜਵਾਨਾਂ ਵੱਲੋਂ ਹਵਾਲਗੀ ਦੇਣ ਤੋਂ ਬਾਅਦ ਉਨ੍ਹਾਂ ਦਾ ਹਿਰਾਸਤੀ ਕਤਲ ਹੋਇਆ ਸੀ, ਜਿਸ ਨੂੰ ਖੁਦ ਆਪ ਕੈਪਟਨ ਨੇ ਸਵੀਕਾਰ ਕੀਤਾ ਹੈ ਪਰ ਮੁਖ ਮੰਤਰੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਸ ਮਸਲੇ 'ਤੇ ਨਾ ਤਾਂ ਪੀੜਤ ਪਰਿਵਾਰਾਂ ਦਾ ਖੁਲਾਸਾ ਕੀਤਾ ਅਤੇ ਨਾ ਹੀ ਦੋਸ਼ੀ ਪੁਲਸ ਅਧਿਕਾਰੀਆਂ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ। ਇਸ ਲਈ ਮਜਬੂਰਨ ਕਮੇਟੀ ਨੇ ਕੈਪਟਨ ਦੀ ਇਸ ਮਸਲੇ 'ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ 'ਚ ਅਤੇ ਅਕਾਲੀ ਦਲ ਬੁਲਾਰੇ ਪਰਮਿੰਦਰ ਅਤੇ ਜੌਲੀ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਕਾਲਕਾ ਨੇ ਹੈਰਾਨੀ ਜਤਾਈ ਕਿ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਸੁਣਵਾਈ ਤੋਂ ਪਹਿਲਾਂ ਸਰਨਾ ਨੇ ਕੈਪਟਨ ਨੂੰ ਕਲੀਨਚਿੱਟ ਕਿਵੇਂ ਦੇ ਦਿੱਤੀ। ਜਦੋਂਕਿ ਕੈਪਟਨ ਨੇ ਖੁਦ ਆਪ ਇਸ ਗੱਲ ਦਾ ਕਬੂਲਨਾਮਾ ਸੋਸ਼ਲ ਮੀਡੀਆ 'ਤੇ ਦਿੱਤਾ ਸੀ ਕਿ ਇਨ੍ਹਾਂ ਨੌਜਵਾਨਾਂ ਦਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੀ ਪਹਿਲ 'ਤੇ ਹਵਾਲਗੀ ਦੇਣ ਬਾਅਦ ਕਤਲ ਕੀਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਸਿੱਖ ਮਸਲਿਆਂ 'ਤੇ ਦਿਖਾਈ ਜਾ ਰਹੀ ਉਦਾਸੀਨਤਾ ਨੂੰ ਸਰਨਾ ਵੱਲੋਂ ਲਗਾਤਾਰ ਨਜਰਅੰਦਾਜ਼ ਕਰਨ 'ਤੇ ਕਾਲਕਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਕਾਲਕਾ ਨੇ ਕਿਹਾ ਕਿ ਸੋੜ੍ਹੀ ਸਿਆਸਤ ਲਈ ਸਾਬਕਾ ਦਿੱਲੀ ਕਮੇਟੀ ਪ੍ਰਧਾਨ ਦਾ ਕਾਤਲ ਪੱਖ ਦੇ ਨਾਲ ਖੜ੍ਹਾ ਹੋਣਾ ਕੌਮ ਦੇ ਵਕਾਰ ਨੂੰ ਠੇਸ ਪਹੁੰਚਾਉਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੋਤੀ ਦੇਣ ਵਰਗਾ ਹੈ।
ਪਰਮਿੰਦਰ ਨੇ ਸਰਨਾ ਵੱਲੋਂ ਪੰਥਕ ਮਸਲਿਆਂ 'ਤੇ ਕੀਤੀ ਜਾ ਰਹੀ ਸਹੂਲੀਅਤ ਦੀ ਰਾਜਨੀਤੀ ਨੂੰ ਗਲਤ ਪਰੰਪਰਾ ਦੱਸਿਆ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਪੰਜਾਬ ਸਰਕਾਰ ਵੱਲੋਂ ਖਾਲਿਸਤਾਨ ਸਮਰਥਕ ਦੱਸਣਾ, ਕੈਪਟਨ ਵੱਲੋਂ ਕੇ. ਪੀ. ਐੱਸ. ਗਿੱਲ ਦੀ ਸ਼ੋਕਸਭਾ 'ਚ ਜਾਣਾ ਅਤੇ ਵਿਧਾਨਸਭਾ ਵਿਖੇ ਸ਼ਰਧਾਂਜਲੀ ਦੇਣਾ, ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਵਿਰਾਸਤ-ਏ-ਖਾਲਸਾ ਨੂੰ ਚਿੱਟਾ ਹਾਥੀ ਦੱਸਣਾ, ਪੰਜਾਬ ਕੈਬਿਨੇਟ ਵੱਲੋਂ ਖਾਲਸਾ ਯੂਨੀਵਰਸਿਟੀ ਦੀ ਮਾਨਤਾ ਨੂੰ ਰੱਦ ਕਰਨਾ, ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੂੰ ਡੀ. ਐੱਸ. ਪੀ. ਨਿਯੁਕਤ ਕਰਨਾ ਅਤੇ ਨਿਦੋਰਸ਼ ਸਿੱਖਾਂ ਨੂੰ ਫਰਜ਼ੀ ਮੁਕੱਦਮਾਂ 'ਚ ਫਸਾਉਣ ਦੇ ਹੋ ਰਹੇ ਖੁਲਾਸਿਆਂ 'ਤੇ ਸਰਨਾ ਦੀ ਚੁੱਪੀ ਨੂੰ ਪਰਮਿੰਦਰ ਨੇ ਸ਼ੱਕੀ ਦੱਸਿਆ।
ਥਾਪਰ ਨੇ ਸਰਨਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਗਾਤਾਰ ਨਜ਼ਰਅੰਦਾਜ਼ ਕਰਨ ਦੇ ਸਾਹਮਣੇ ਆ ਰਹੇ ਰੁਝਾਨ ਨੂੰ ਗਲਤ ਦੱਸਿਆ। ਜੌਲੀ ਨੇ ਕਿਹਾ ਕਿ 21 ਸਿੱਖਾਂ ਦੇ ਹਿਰਾਸਤੀ ਕਤਲ ਦਾ ਸੱਚ ਲਭਣ ਲਈ ਮਨੁੱਖੀ ਅਧਿਕਾਰ ਕਮਿਸ਼ਨ ਜਾਣਾ ਕਮੇਟੀ ਦਾ ਕਾਨੂੰਨੀ ਫਰਜ਼ ਹੈ ਪਰ ਸਰਨਾ ਵੱਲੋਂ ਬਿਨਾਂ ਕਿਸੇ ਆਧਾਰ 'ਤੇ ਕੈਪਟਨ ਨੂੰ ਦੋਸ਼ ਮੁਕਤ ਕਰਨਾ ਸਿੱਖ ਕੌਮ ਦੇ ਨਾਲ ਧਰੋਹ ਕਮਾਉਣ ਵਰਗਾ ਹੈ। ਇਸ ਮੌਕੇ ਦਿੱਲੀ ਕਮੇਟੀ ਦੇ ਕਈ ਮੈਂਬਰ ਸਾਹਿਬਾਨ ਮੌਜੂਦ ਸਨ।