ਸਿਰਸਾ 3000 ਬੱਚਿਆਂ ਦਾ ਭਵਿੱਖ ਬਚਾਉਣ ਦੀ ਜਗ੍ਹਾ ਕਲੱਬ ਨੂੰ ਬਚਾਉਣ ਲਈ ਉਤਾਵਲੇ ਕਿਉਂ : ਜੀ. ਕੇ.

08/18/2019 12:19:18 PM

ਜਲੰਧਰ (ਚਾਵਲਾ)— ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਵਿਹਾਰ ਦੇ ਕਲੱਬ ਮਾਮਲੇ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਮੀਡੀਆ ਨੂੰ ਦਿੱਤੇ ਗਏ ਬਿਆਨ ਨੂੰ ਸਾਬਕਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਝੂਠਾ ਕਰਾਰ ਦਿੱਤਾ ਹੈ। ਮੀਡੀਆ ਦੇ ਨਾਲ ਗੱਲਬਾਤ ਦੌਰਾਨ ਜੀ. ਕੇ. ਨੇ ਸਿਰਸਾ ਵੱਲੋਂ ਵਿਰੋਧੀ ਦਲਾਂ ਦੇ ਨੇਤਾਵਾਂ ਦੇ ਖਿਲਾਫ ਕੀਤੀ ਜਾਂਦੀ ਬਿਆਨਬਾਜ਼ੀ ਨੂੰ ਬਿਨਾਂ ਤੱਥਾਂ ਦੇ ਪ੍ਰਚਾਰ ਕਰਨ ਦੀ ਸਿਰਸਾ ਦੀ ਆਦਤ ਨਾਲ ਜੋੜਿਆ ਹੈ। ਉਨ੍ਹਾਂ ਨੇ ਕਿਹਾ ਕਿ ਕਦੇ ਵੀ ਆਪਣੇ ਲੰਬੇ ਰਾਜਨੀਤਕ ਜੀਵਨ ਦੇ ਦੌਰਾਨ ਮੈਂ ਬਿਨਾਂ ਤੱਥਾਂ ਦੇ ਕੁਝ ਨਹੀਂ ਬੋਲਿਆ।
ਉਨ੍ਹਾਂ ਨੇ ਕਿਹਾ ਕਿ ਬਸੰਤ ਵਿਹਾਰ ਸਕੂਲ 'ਚ ਕਲੱਬ ਖੋਲ੍ਹਣ ਦੀ ਮੈਂ ਜਾਂ ਕਮੇਟੀ ਦੇ ਅੰਤ੍ਰਿੰਗ ਬੋਰਡ ਅਤੇ ਜਨਰਲ ਹਾਊਸ ਨੇ ਮਨਜ਼ੂਰੀ ਨਹੀਂ ਦਿੱਤੀ ਹੈ। ਜੇਕਰ ਸਿਰਸਾ ਦੇ ਕੋਲ ਕਲੱਬ ਨੂੰ ਜਗ੍ਹਾ ਦੇਣ ਦਾ ਕਰਾਰ ਹੈ ਤਾਂ ਮੈਨੂੰ ਵੀ ਉਸ ਕਰਾਰ ਦੇ ਦਰਸ਼ਨ ਜ਼ਰੂਰ ਕਰਵਾਉਣ। ਸਿਰਸਾ ਦੇ ਉੱਤੇ ਜ਼ਮੀਨਾਂ 'ਤੇ ਕਬਜ਼ਾ ਕਰਨ ਸਮੇਤ ਕਈ ਦੋਸ਼ਾਂ 'ਚ ਕੇਸ ਚੱਲ ਰਹੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਸਿਰਸਾ ਨੂੰ ਕਰਾਰ ਅਤੇ ਬੇਨਤੀ ਪੱਤਰ ਵਿਚ ਫਰਕ ਦਾ ਹੁਣ ਤੱਕ ਪਤਾ ਨਹੀਂ ਹੈ। ਲਾਈਫ ਸਟਾਈਲ ਕੰਪਨੀ ਵੱਲੋਂ ਸਵਿਮਿੰਗ ਪੂਲ ਲਈ 8 ਅਪ੍ਰੈਲ 2015 ਨੂੰ ਕਮੇਟੀ ਨੂੰ ਦਿੱਤੇ ਗਏ ਬੇਨਤੀ ਪੱਤਰ ਵਿਚ ਕੰਪਨੀ ਦੇ ਨਿਰਦੇਸ਼ਕ ਅਤੇ ਸਿਰਸਾ ਦੇ ਖਾਸ ਮਿੱਤਰ ਪਰਵੀਨ ਚੁਘ ਕਮੇਟੀ ਨੂੰ ਪਾਣੀ ਅਤੇ ਬਿਜਲੀ ਦਾ ਵੱਖਰਾ ਕੁਨੈਕਸ਼ਨ ਦੇਣ ਦੀ ਮੰਗ ਕਰ ਰਹੇ ਹਨ।, ਜਿਸ ਉੱਤੇ ਸਿਰਸਾ ਆਪਣੇ-ਆਪ ਹੀ ਮਨਜ਼ੂਰੀ ਲਿਖ ਕੇ ਮੈਨੂੰ ਪੱਤਰ ਭੇਜਦੇ ਹਨ, ਜਿਸ ਉੱਤੇ ਮੈਂ ਸਵਾਲ ਕਰਦਾ ਹਾਂ ਕਿ ਜੇਕਰ ਸਿਰਸਾ ਨੇ ਮਨਜ਼ੂਰੀ ਦੇ ਹੀ ਦਿੱਤੀ ਤਾਂ ਮੈਨੂੰ ਕਿਉਂ ਭੇਜਿਆ, ਤਾਂ ਦੱਸਿਆ ਜਾਂਦਾ ਹੈ ਕਿ ਉੱਤੋਂ ਆਦੇਸ਼ ਹੈ, ਤੁਸੀਂ ਦਸਤਖਤ ਕਰ ਦੇਵੋ।

ਜੀ. ਕੇ. ਨੇ ਹੈਰਾਨੀ ਪ੍ਰਗਟਾਈ ਕਿ 9 ਏਕੜ ਜ਼ਮੀਨ ਅਤੇ 3000 ਬੱਚਿਆਂ ਦੇ ਭਵਿੱਖ ਨੂੰ ਬਚਾਉਣ ਦੀ ਜਗ੍ਹਾ ਸਿਰਸਾ ਕਲੱਬ ਨੂੰ ਬਚਾਉਣ ਦੀ ਜਲਦੀ 'ਚ ਕਿਉਂ ਹਨ? ਕਲੱਬ ਵਿਚ ਜੁੰਬਾ ਡਾਂਸ ਹੋਣ ਦੀ ਮੇਰੇ ਵੱਲੋਂ ਮੀਡੀਆ ਨੂੰ ਵਿਖਾਈ ਗਈ ਵੀਡੀਓ ਕਲੱਬ ਦੀ ਨਾ ਹੋ ਕੇ ਮੇਰੇ ਜੁਆਈ ਦੀ ਡਾਂਸ ਕਲਾਸ ਦੀ ਹੈ, ਜਦੋਂਕਿ ਇਹ ਵੀਡੀਓ ਅੱਜ ਵੀ ਲਾਈਫ ਸਟਾਈਲ ਸਵਿਮ ਐਂਡ ਜਿਮ ਦੇ ਫੇਸਬੁਕ ਪੇਜ ਉੱਤੇ ਮੌਜੂਦ ਹੈ। ਜੀ. ਕੇ. ਨੇ ਸਿਰਸਾ ਨੂੰ ਘਟੀਆ ਸਿਆਸਤ ਲਈ ਉਨ੍ਹਾਂ ਦੇ ਪਰਿਵਾਰ ਨੂੰ ਵਿਚ ਨਹੀਂ ਘਸੀਟਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਮੈਂ ਮੂੰਹ ਖੋਲ੍ਹਿਆ ਤਾਂ ਸਿਰਸਾ ਨੂੰ ਮੂੰਹ ਛੁਪਾਉਣ ਦੀ ਜਗ੍ਹਾ ਨਹੀਂ ਮਿਲੇਗੀ। ਮੈਨੂੰ ਸਿਰਸਾ ਦੀ ਕਮੀ ਲੱਭਣ ਲਈ ਉਨ੍ਹਾਂ ਦੀ ਕੋਠੀ ਤੋਂ ਵੀ ਬਾਹਰ ਨਿਕਲਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਸਿਰਸਾ ਦੇ ਨਾਲ 24 ਘੰਟੇ ਸਾਏ ਦੀ ਤਰ੍ਹਾਂ ਰਹਿਣ ਵਾਲਾ ਗਾਰਡ ਉਨ੍ਹਾਂ ਦੀ ਕੋਠੀ ਵਿਚ ਹੀ ਸਿਗਰਟ ਪੀਂਦਾ ਵੀਡੀਓ ਵਿਚ ਕੈਦ ਹੋ ਚੁੱਕਾ ਹੈ।

ਸਿਰਸਾ ਵੱਲੋਂ ਗੁਰੂ ਹਰਿਗੋਬਿੰਦ ਇੰਸਟੀਚਿਊਟ ਨੂੰ ਲੀਜ਼ ਉੱਤੇ ਦੇਣ ਦੇ ਪਿੱਛੇ ਵਿਖਾਈ ਗਈ ਮਜਬੂਰੀ ਨੂੰ ਵੀ ਜੀ. ਕੇ. ਨੇ ਗ਼ਲਤ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਮੇਰੇ ਪ੍ਰਧਾਨ ਰਹਿੰਦੇ ਅਸੀਂ ਇੰਸਟੀਚਿਊਟ ਨੂੰ ਘਾਟੇ ਤੋਂ ਉਭਾਰਨ ਲਈ ਲੱਗਦੀ ਵਾਹ ਲਾਈ ਸੀ। ਕੁਝ ਸਮਾਂ ਬਾਅਦ ਇਹ ਇੰਸਟੀਚਿਊਟ ਆਤਮਨਿਰਭਰ ਹੋ ਸਕਦਾ ਸੀ ਪਰ ਬਿਨਾਂ ਉਡੀਕ ਕੀਤੇ ਕੌਮ ਦੇ ਅਦਾਰੇ ਨੂੰ ਬੰਦ ਕੀਤਾ ਗਿਆ। ਅਸੀਂ ਇਸ ਇੰਸਟੀਚਿਊਟ ਵਿਚ ਜਾਮੀਆ ਮਿਲੀਆ ਇਸਲਾਮੀਆ ਦਿੱਲੀ, ਆਸਟਰੇਲੀਆ ਯੂਨੀਵਰਸਿਟੀ, ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸ ਅਤੇ ਵਾਲਸਨ ਇੰਗਲੈਂਡ ਦੇ ਕਈ ਕੋਰਸ ਆਪਣੇ ਬੱਚਿਆਂ ਲਈ ਲਿਆਏ ਸੀ। ਨਾਲ ਹੀ ਆਈਲਟਸ ਸਿਖਾਉਣ ਅਤੇ ਸੀ. ਟੀ. ਈ. ਟੀ. ਦੀ ਪ੍ਰੀਖਿਆ ਦੀ ਸਿਖਲਾਈ ਦਿਵਾਉਣ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ ਪਰ ਸਿਰਸਾ ਇੱਥੇ ਵੀ ਆਪਣੀ ਗਲਤੀ ਛੁਪਾਉਣ ਲਈ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ। 1.5 ਏਕੜ 'ਚ ਬਣੇ ਉਕਤ ਕਾਲਜ ਦੀ ਬਿਲਡਿੰਗ ਦਾ 4 ਲੱਖ ਰੁਪਏ ਮਹੀਨਾ ਕਿਰਾਇਆ ਨਹੀਂ ਹੋ ਸਕਦਾ। ਇੰਨੇ ਪੈਸੇ ਵਿਚ ਕਾਲਜ ਦੀ ਇਮਾਰਤ ਦਿੱਲੀ ਤਾਂ ਦੂਰ ਐੱਨ. ਸੀ. ਆਰ. ਵਿਚ ਵੀ ਨਹੀਂ ਮਿਲੇਗੀ। ਸਿਰਸਾ ਵੱਲੋਂ ਕਿਰਾਏ ਉੱਤੇ ਇਮਾਰਤ ਦੇਣ ਦੇ ਬਦਲੇ 20 ਫੀਸਦੀ ਬੱਚਿਆਂ ਨੂੰ ਮੁਫਤ ਸਕਿਲ ਕੋਰਸ ਕਰਵਾਏ ਜਾਣ ਦਾ ਕੀਤਾ ਗਿਆ ਦਾਅਵਾ ਵੀ ਚਾਲਬਾਜ਼ੀ ਹੈ ਕਿਉਂਕਿ ਉਕਤ ਕੋਰਸ ਨੈਸ਼ਨਲ ਸਕਿਲ ਡਿਵੈਲਪਮੈਂਟ ਕਾਰਪੋਰੇਸ਼ਨ ਦੁਆਰਾ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਵਿਦਿਆਰਥੀਆਂ ਨੂੰ ਉਂਝ ਹੀ ਮੁਫ਼ਤ ਕਰਵਾਏ ਜਾਂਦੇ ਹਨ।
ਸਿਰਸਾ ਵੱਲੋਂ ਟਾਸਕ ਫੋਰਸ ਦੇ ਮੁੰਡਿਆਂ ਨੂੰ ਨੌਕਰੀ ਤੋਂ ਕੱਢਣ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਸਿਰਸਾ 1984 ਦੇ ਪੀੜਤਾਂ ਦੇ ਬੱਚਿਆਂ ਨੂੰ ਬੇਰੋਜ਼ਗਾਰ ਕਰਦੇ ਹਨ ਅਤੇ ਦੂਸਰੀ ਪਾਸੇ ਕਮੇਟੀ ਮੈਂਬਰਾਂ ਨੂੰ ਚਿੱਠੀ ਭੇਜ ਕੇ ਆਪਣੇ ਇਲਾਕੇ ਦੇ 2 ਬੰਦੇ ਕਮੇਟੀ ਵਿਚ ਨੌਕਰੀ ਉੱਤੇ ਰਖਾਉਣ ਦੀ ਅਪੀਲ ਕਰਦੇ ਹਨ। ਜੇਕਰ ਨਵੇਂ ਲੋਕਾਂ ਨੂੰ ਨੌਕਰੀ ਉੱਤੇ ਰੱਖਣ ਦੀ ਤੁਹਾਡੀ ਸਮਰੱਥਾ ਸੀ ਤਾਂ ਇਨ੍ਹਾਂ ਨੂੰ ਕਿਉਂ ਕੱਢਿਆ ਸੀ?

ਉਨ੍ਹਾਂ ਨੇ ਖੁਲਾਸਾ ਕੀਤਾ ਕਿ ਵਿਸ਼ਨੂੰ ਗਾਰਡਨ 'ਚ ਰਹਿਣ ਵਾਲੇ ਕਸ਼ਮੀਰ ਸਿੰਘ ਦੀ ਆਪਣੇ ਕਿਰਾਏਦਾਰ ਨਾਲ ਮਕਾਨ ਖਾਲੀ ਕਰਨ ਨੂੰ ਲੈ ਕੇ 22 ਅਪ੍ਰੈਲ 2019 ਨੂੰ ਕਹਾ-ਸੁਣੀ ਹੁੰਦੀ ਹੈ। ਇਸ ਦੌਰਾਨ ਕਸ਼ਮੀਰ ਸਿੰਘ ਦਾ ਜਬਾੜਾ ਵੀ ਟੁੱਟ ਜਾਂਦਾ ਹੈ, ਉੱਤੇ ਪੁਲਸ ਕਸ਼ਮੀਰ ਸਿੰਘ ਉੱਤੇ ਧਾਰਾ 307 ਦਾ ਪਰਚਾ ਦੇ ਕੇ ਰੋਹਿਣੀ ਜੇਲ ਭੇਜ ਦਿੰਦੀ ਹੈ। ਪੀੜਤ ਪਰਿਵਾਰ ਸਥਾਨਕ ਕਮੇਟੀ ਮੈਂਬਰ ਹਰਜੀਤ ਸਿੰਘ ਪੱਪਾ, ਮਨਜੀਤ ਸਿੰਘ ਔਲਖ ਸਹਿਤ ਵਿਧਾਇਕ ਸਿਰਸਾ ਦੇ ਕੋਲ ਜਾ ਕੇ ਵੀ ਗੁਹਾਰ ਲਾਉਂਦਾ ਹੈ ਪਰ ਕਮੇਟੀ ਸਿੱਖ ਦੀ ਮਦਦ ਨਹੀਂ ਕਰਦੀ, ਸਗੋਂ ਬੇਰੰਗ ਪੱਤਰ ਦੀ ਤਰ੍ਹਾਂ ਵਾਪਸ ਮੋੜ ਦਿੰਦੀ ਹੈ। ਕਸ਼ਮੀਰ ਸਿੰਘ ਦਾ ਬਜ਼ੁਰਗ ਪਿਤਾ ਜੋ ਕਿ ਡਾਇਲਸਿਸ ਉੱਤੇ ਜ਼ਿੰਦਾ ਹੈ, ਆਪਣੇ-ਆਪ ਕਮੇਟੀ ਦਫਤਰ ਜਾਂਦਾ ਹੈ ਪਰ ਕੋਈ ਨਹੀਂ ਸੁਣਦਾ। ਜੀ. ਕੇ. ਨੇ ਕਿਹਾ ਕਿ ਇਹ ਪਰਿਵਾਰ ਹੁਣ ਸਾਡੇ ਸੰਪਰਕ ਵਿਚ ਹੈ, ਅਸੀਂ ਇਨ੍ਹਾਂ ਨੂੰ ਹੁਣ ਕਾਨੂੰਨੀ ਮਦਦ ਦੇਣ ਜਾ ਰਹੇ ਹਾਂ।

shivani attri

This news is Content Editor shivani attri