ਦਿੱਲੀ ਗੁਰਦੁਆਰਾ ਕਮੇਟੀ ਵਲੋਂ ਦੰਗਾ ਪੀੜਤਾਂ ਲਈ ਲਗਾਏ ਜਾਣਗੇ ਰਾਹਤ ਕੈਂਪ

02/26/2020 10:01:57 PM

ਜਲੰਧਰ,(ਚਾਵਲਾ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਹਿੰਸਾ ਦੇ ਪੀੜਤਾਂ ਲਈ ਰਾਹਤ ਕੈਂਪ ਆਯੋਜਿਤ ਕਰਨ ਅਤੇ ਲੋੜਵੰਦਾਂ ਲਈ ਦਵਾਈਆਂ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਫੈਸਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਕਮੇਟੀ ਦੀ ਅੱਜ ਇਕ ਐਮਰਜੈਂਸੀ ਮੀਟਿੰਗ ਵਿਚ ਇਹ ਫੈਸਲੇ ਲਏ ਗਏ।

ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਉਪਦੇਸ਼ ਅਨੁਸਾਰ ਮਨੁੱਖਤਾ ਦੀ ਸੇਵਾ ਕਰਨ ਦਾ ਯਤਨ ਕਰ ਰਹੇ ਹਾਂ। ਦਿੱਲੀ ਕਮੇਟੀ ਹਿੰਸਾਗ੍ਰਸਤ ਇਲਾਕਿਆਂ 'ਚ ਰਾਹਤ ਕੈਂਪ ਲਾਏਗੀ। ਇਸ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਹਸਪਤਾਲ 'ਚ ਦਾਖਲ ਜ਼ਖ਼ਮੀ ਪੁਲਸ ਮੁਲਾਜ਼ਮਾਂ ਤੇ ਹੋਰਨਾਂ ਦੇ ਪਰਿਵਾਰਾਂ ਨੂੰ ਲੰਗਰ ਵੀ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦੇ ਪਰਿਵਾਰ ਭਾਵੇਂ ਹਿੰਦੂ ਹੋਣ ਜਾਂ ਮੁਸਲਿਮ, ਸਭ ਦੀ ਸੇਵਾ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਮਨੁੱਖਤਾ ਦੀ ਸੇਵਾ ਵਜੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਆਪਣੇ ਸਾਰੇ ਸਰੋਤਾਂ ਦੀ ਵਰਤੋਂ ਇਨ੍ਹਾਂ ਰਾਹਤ ਕੈਂਪਾਂ, ਲੰਗਰਾਂ ਅਤੇ ਦਵਾਈਆਂ ਉਪਲਬਧ ਕਰਵਾਉਣ 'ਤੇ ਲਾਏਗੀ ਕਿਉਂਕਿ 1984 ਦੇ ਸਿੱਖ ਕਤਲੇਆਮ ਦੌਰਾਨ ਆਪ ਇਹ ਪੀੜਾ ਝੱਲੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਸਾਰੇ ਪ੍ਰਤੀਨਿਧ, ਮੈਂਬਰ ਤੇ ਸਟਾਫ ਇਨ੍ਹਾਂ ਰਾਹਤ ਕੈਂਪਾਂ ਅਤੇ ਲੰਗਰਾਂ 'ਚ ਹਿੰਸਾ ਤੋਂ ਪੀੜਤ ਲੋਕਾਂ ਦੀ ਸੇਵਾ ਕਰਨਗੇ। ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ, ਪਰਮਜੀਤ ਸਿੰਘ ਚੰਢੋਕ, ਹਰਵਿੰਦਰ ਸਿੰਘ ਕੇ. ਪੀ., ਵਿਕਰਮ ਸਿੰਘ, ਗੁਰਮੀਤ ਸਿੰਘ ਭਾਟੀਆ ਤੇ ਭੁਪਿੰਦਰ ਸਿੰਘ ਭੁੱਲਰ ਤੋਂ ਇਲਾਵਾ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।