ਦਿੱਲੀ ਕਮੇਟੀ ਮੁਲਤਵੀ ਕਰੇ ਨਨਕਾਣਾ ਸਾਹਿਬ ਲਈ ਨਗਰ ਕੀਰਤਨ : ਗਿਆਨੀ ਹਰਪ੍ਰੀਤ ਸਿੰਘ

10/09/2019 8:23:21 PM

ਅੰਮ੍ਰਿਤਸਰ,(ਸੁਮਿਤ ਖੰਨਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਮਾਨਮੱਤੀ ਸੰਸਥਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ। ਕੁਝ ਸਮਾਂ ਪਹਿਲਾਂ ਦਿੱਲੀ ਦੀ ਇਕ ਸਿਆਸੀ ਪਾਰਟੀ ਵੱਲੋਂ ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ ਲੈ ਜਾਣ ਦਾ ਐਲਾਨ ਕੀਤਾ ਗਿਆ ਸੀ ਪਰ ਉਸ ਤੋਂ ਕੁਝ ਸਮੇਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਵੀ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ ਵਿਖੇ ਲੈ ਕੇ ਜਾਣ ਦਾ ਐਲਾਨ ਕਰ ਦਿੱਤਾ ਗਿਆ। ਜਿਸ ਨਾਲ ਦਿੱਲੀ ਦੀਆਂ ਸਿੱਖ ਸੰਗਤਾਂ ਵਿਚ ਭਾਰੀ ਦੁਬਿਧਾ ਪੈਦਾ ਹੋ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਸੰਗਤਾਂ ਨੇ ਲਿਖਤੀ ਤੇ ਫੋਨ ਰਾਹੀਂ ਮਨਸ਼ਾ ਜਾਹਰ ਕੀਤੀ ਹੈ ਕਿ ਦਿੱਲੀ ਤੋਂ ਕੇਵਲ ਇੱਕ ਹੀ ਨਗਰ ਕੀਰਤਨ ਪੂਰੇ ਖਾਲਸਾਈ ਜਾਹੋ-ਜਲਾਲ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿਚ ਸ੍ਰੀ ਨਨਕਾਣਾ ਸਾਹਿਬ ਲਿਜਾਇਆ ਜਾਵੇ।

ਪਤਾ ਲੱਗਾ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਵੀ ਕੇਵਲ ਇਕ ਹੀ ਨਗਰ ਕੀਰਤਨ ਨੂੰ ਪ੍ਰਵਾਨਗੀ ਮਿਲੀ ਹੈ। ਭਾਵੇਂ ਕਿ ਪਾਕਿਸਤਾਨ ਸਰਕਾਰ ਵੱਲੋਂ ਇਕ ਜਾਂ ਦੋ ਨਹੀਂ ਸਗੋਂ ਕਈ ਸਿੱਖ ਸੰਸਥਾਵਾਂ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ ਲਿਜਾਣ ਦੀ ਪ੍ਰਵਾਨਗੀ ਦੇਣੀ ਚਾਹੀਦੀ ਸੀ ਕਿਉਂਕਿ ਸਿੱਖਾਂ ਦੀ ਹਰ ਸੰਸਥਾ ਇਤਿਹਾਸਕ ਅਸਥਾਨਾਂ ਤੇ ਤਖ਼ਤ ਸਾਹਿਬਾਨਾਂ ਤੋਂ ਸ੍ਰੀ ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ ਦੇ ਰੂਪ 'ਚ ਜਾਣਾ ਲੋਚਦੀ ਹੈ। ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਤੇ ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਦਿੱਲੀ ਕਮੇਟੀ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 13 ਅਕਤੂਬਰ 2019 ਨੂੰ ਆਰੰਭ ਕੀਤਾ ਜਾਣ ਵਾਲਾ ਨਗਰ ਕੀਰਤਨ ਫਿਲਹਾਲ ਮੁਲਤਵੀ ਕੀਤਾ ਜਾਵੇ ਤੇ ਪੂਰੀ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਨਗਰ ਕੀਰਤਨ ਦੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇ।