''ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਫਸਰਾਂ ਨੂੰ ਕੋਰਟ ''ਚ ਪੇਸ਼ ਕੀਤਾ ਜਾਵੇ ''

11/30/2019 2:42:50 PM

ਜਲੰਧਰ (ਜ.ਬ.) : ਦਿੱਲੀ ਹਾਈ ਕੋਰਟ ਨੇ ਹੁਕਮ ਜਾਰੀ ਕੀਤਾ ਹੈ ਕਿ ਜਿਸ ਵੀ ਅਫਸਰ ਨੇ ਸਿੱਖ ਬੱਚਿਆਂ ਨੂੰ ਕੱਕਾਰ ਸਮੇਤ ਪ੍ਰੀਖਿਆ ਵਿਚ ਬੈਠਣ ਤੋਂ ਨਾ ਰੋਕਣ ਦੇ ਹੁਕਮ ਦੀ ਉਲੰਘਣਾ ਕੀਤੀ ਹੈ, ਉਸ ਨੂੰ ਅਦਾਲਤ 'ਚ ਪੇਸ਼ ਕਿਉਂ ਨਾ ਕੀਤਾ ਜਾਵੇ। ਇਸ ਬਾਰੇ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਨੇ ਮਾਮਲੇ ਦੀ ਸੁਣਵਾਈ ਕੀਤੀ। ਮਾਣਯੋਗ ਚੀਫ ਜਸਟਿਸ ਨੇ ਅੱਜ ਦੋ ਹਦਾਇਤਾਂ ਜਾਰੀ ਕੀਤੀਆਂ ਹਨ। ਪਹਿਲੀ ਹਦਾਇਤ ਇਹ ਕੀਤੀ ਗਈ ਹੈ ਕਿ ਜੋ ਅਦਾਲਤ ਵੱਲੋਂ ਪ੍ਰੀਖਿਆਵਾਂ ਵਿਚ ਸਿੱਖ ਬੱਚਿਆਂ ਨੂੰ ਕੱਕਾਰ ਸਮੇਤ ਬੈਠਣ ਤੋਂ ਨਾ ਰੋਕਣ ਦਾ ਹੁਕਮ ਜਾਰੀ ਕੀਤਾ ਸੀ, ਉਹ ਦਿੱਲੀ ਅਧੀਨ ਸੇਵਾਵਾਂ ਚੋਣ ਬੋਰਡ (ਡੀ.ਐੱਸ.ਐੱਸ.ਐੱਸ.ਬੀ.) ਸਮੇਤ ਸਾਰਿਆਂ 'ਤੇ ਲਾਗੂ ਹੋਵੇਗਾ।

ਸਿਰਸਾ ਨੇ ਦੱਸਿਆ ਕਿ ਅਸੀਂ ਅਦਾਲਤ 'ਚ ਅਦਾਲਤੀ ਹੁਕਮਾਂ ਦੀ ਮਾਣਹਾਨੀ ਦੀ ਪਟੀਸ਼ਨ ਦਾਇਰ ਕੀਤੀ ਸੀ ਕਿ ਅਦਾਲਤ ਦੇ ਹੁਕਮਾਂ ਦੀ ਮਾਣਹਾਨੀ ਕੀਤੀ ਗਈ ਹੈ ਅਤੇ ਦੋ ਬੱਚਿਆਂ ਨੂੰ ਪ੍ਰੀਖਿਆ 'ਚ ਬੈਠਣ ਤੋਂ ਇਸ ਕਰ ਕੇ ਰੋਕਿਆ ਗਿਆ, ਕਿਉਂ ਕਿ ਉਨ੍ਹਾਂ ਨੇ ਸਿੱਖ ਕੱਕਾਰ ਧਾਰਨ ਕੀਤੇ ਹੋਏ ਸਨ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਕਿਹਾ ਹੈ ਕਿ ਅਗਸਤ 2019 ਤੋਂ ਬਾਅਦ ਜਦੋਂ ਡੀ.ਐੱਸ.ਐੱਸ. ਐੱਸ. ਬੀ. ਨੂੰ ਕੋਰਟ ਦੇ ਹੁਕਮਾਂ ਦੀ ਜਾਣਕਾਰੀ ਮਿਲ ਗਈ ਸੀ ਤਾਂ ਉਸ ਮਗਰੋਂ ਬੱਚਿਆਂ ਨੂੰ ਰੋਕਿਆ ਗਿਆ ਜਾਂ ਨਹੀਂ, ਇਸ ਬਾਰੇ ਸਰਕਾਰ ਹਲਫਨਾਮਾ ਦਾਇਰ ਕਰ ਕੇ ਜਾਣਕਾਰੀ ਦੇਵੇ।

Anuradha

This news is Content Editor Anuradha