ਪੁਲਸ ਮੁਲਾਜ਼ਮਾਂ ਦੀ 13ਵੀਂ ਤਨਖਾਹ ਬੰਦ ਕਰਨ ਦਾ ਫੈਸਲਾ ਰੋਕਿਆ ਜਾਵੇ: ਸੁਖਬੀਰ

01/09/2020 7:30:18 PM

ਚੰਡੀਗੜ੍ਹ, (ਅਸ਼ਵਨੀ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਤੁਰੰਤ ਵਿੱਤ ਵਿਭਾਗ ਨੂੰ ਨਿਰਦੇਸ਼ ਦੇਣ ਕਿ ਪੰਜਾਬ ਪੁਲਸ ਦੇ ਕਰਮਚਾਰੀਆਂ ਦੀ 13ਵੀਂ ਤਨਖਾਹ ਬੰਦ ਕਰਨ ਦੇ ਫੈਸਲੇ ਨੂੰ ਲਾਗੂ ਨਾ ਕੀਤਾ ਜਾਵੇ। ਪੰਜਾਬ ਪੁਲਸ ਦੇ ਕਰਮਚਾਰੀਆਂ ਨਾਲ ਇਕਜੁਟਤਾ ਦਾ ਮੁਜ਼ਾਹਰਾ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਸ ਫੈਸਲੇ ਖ਼ਿਲਾਫ ਡਟ ਕੇ ਲੜਾਈ ਲੜਾਂਗੇ। ਜੇਕਰ ਫਿਰ ਵੀ ਕਾਂਗਰਸ ਸਰਕਾਰ ਇਸ ਲੋਕ-ਵਿਰੋਧੀ ਨੂੰ ਕਦਮ ਨੂੰ ਲਾਗੂ ਕਰਨ ਵਿਚ ਕਾਮਯਾਬ ਹੋ ਜਾਂਦੀ ਹੈ ਤਾਂ ਸੂਬੇ ਅੰਦਰ ਅਕਾਲੀ-ਭਾਜਪਾ ਸਰਕਾਰ ਬਣਦੇ ਹੀ ਇਸ ਫੈਸਲੇ ਨੂੰ ਵਾਪਸ ਲੈ ਲਿਆ ਜਾਵੇਗਾ।
ਸੁਖਬੀਰ ਨੇ ਕਿਹਾ ਕਿ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਗੈਂਗਸਟਰਾਂ ਦੀ ਕੀਤੀ ਜਾ ਰਹੀ ਪੁਸ਼ਤਪਨਾਹੀ ਅਤੇ ਪੁਲਸ ਨੂੰ ਪੇਸ਼ਾਵਰ ਢੰਗ ਨਾਲ ਡਿਊਟੀ ਕਰਨ ਤੋਂ ਰੋਕੇ ਜਾਣ ਕਰਕੇ ਪਹਿਲਾਂ ਹੀ ਸੂਬੇ ਅੰਦਰ ਅਮਨ-ਕਾਨੂੰਨ ਦੀ ਹਾਲਤ ਖਸਤਾ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੁਲਸ ਕਰਮੀਆਂ ਦੀ 13ਵੀਂ ਤਨਖਾਹ ਬੰਦ ਕਰਨਾ ਸਮਾਜ-ਵਿਰੋਧੀ ਤੱਤਾਂ ਦੀ ਮੱਦਦ ਕਰੇਗਾ। ਉਨ੍ਹਾਂ ਕਿਹਾ ਕਿ ਪੁਲਸ ਕਰਮੀਆਂ ਨੂੰ 13ਵੀਂ ਤਨਖਾਹ ਆਪਣੀਆਂ ਸਾਲਾਨਾ 30 ਅਖ਼ਤਿਆਰੀ ਛੁੱਟੀਆਂ ਨਾ ਲੈਣ ਬਦਲੇ ਦਿੱਤੀ ਜਾਂਦੀ ਹੈ। ਪੁਲਸ ਕਰਮਚਾਰੀ ਡਿਊਟੀ ਨੂੰ ਪਹਿਲ ਦਿੰਦਿਆਂ ਇਨ੍ਹਾਂ ਛੁੱਟੀਆਂ ਨੂੰ ਤਿਆਗ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੁਲਸ ਕਰਮੀਆਂ ਵਲੋਂ ਕੀਤੀ ਜਾਂਦੀ ਇਸ ਕੁਰਬਾਨੀ ਕਰਕੇ ਹੀ ਸਾਡੇ ਪੁਲਸ ਥਾਣਿਆਂ ਅੰਦਰ 24 ਘੰਟੇ ਪੁਲਿਸ ਤਾਇਨਾਤ ਰਹਿੰਦੀ ਹੈ, ਜੋ ਅਮਨ-ਕਾਨੂੰਨ ਦੀ ਰਾਖੀ ਅਤੇ ਗਸ਼ਤ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ 13ਵੀਂ ਤਨਖਾਹ ਨੂੰ ਬੰਦ ਕਰਨ ਦਾ ਪੁਲਸ ਦੇ ਕੰਮ ਕਾਜ 'ਤੇ ਮਾੜਾ ਅਸਰ ਪਵੇਗਾ ਅਤੇ ਇਸ ਨਾਲ ਆਮ ਜਨਤਾ ਨੂੰ ਵੀ ਭਾਰੀ ਅਸੁਵਿਧਾ ਹੋਵੇਗੀ।

KamalJeet Singh

This news is Content Editor KamalJeet Singh