ਹਾਦਸੇ ''ਚ ਵਿਦਿਆਰਥੀ ਦੀ ਮੌਤ

04/24/2018 11:45:32 PM

ਮੋਗਾ,  (ਆਜ਼ਾਦ)-   ਮੋਗਾ-ਕੋਟਕਪੂਰਾ ਰੋਡ 'ਤੇ (ਪਿੰਡ ਰਾਜੇਆਣਾ ਕੋਲ) ਤੇਜ਼ ਰਫਤਾਰ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਕੇ ਮੋਟਰਸਾਈਕਲ ਚਾਲਕ ਅਰਸ਼ਦੀਪ ਸਿੰਘ (23) ਨਿਵਾਸੀ ਪਿੰਡ ਲੰਡੇ ਦੀ ਮੌਤ ਹੋ ਗਈ ਹੈ। ਇਸ ਸਬੰਧੀ ਬਾਘਾਪੁਰਾਣਾ ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬਾਘਾਪੁਰਾਣਾ ਥਾਣਾ ਦੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਪਿਤਾ ਗੁਰਮੀਤ ਸਿੰਘ, ਜੋ ਖੇਤੀਬਾੜੀ ਦਾ ਕੰਮ ਕਰਨ ਦੇ ਇਲਾਵਾ ਬਾਘਾਪੁਰਾਣਾ 'ਚ ਪਟਵਾਰੀ ਤਾਇਨਾਤ ਹੈ, ਨੇ ਕਿਹਾ ਕਿ ਉਸ ਦਾ ਬੇਟਾ ਅਰਸ਼ਦੀਪ ਸਿੰਘ ਆਪਣੇ ਮੋਟਰਸਾਈਕਲ 'ਤੇ ਪਿੰਡ ਢੁੱਡੀਕੇ ਕਾਲਜ 'ਚ ਬੀ. ਟੈੱਕ. ਡਿਗਰੀ ਦੀ ਫੀਸ ਭਰਨ ਲਈ ਗਿਆ ਸੀ, ਜਦ ਉਹ ਆਪਣੇ ਮੋਟਰਸਾਈਕਲ 'ਤੇ ਦੇਰ ਸ਼ਾਮ ਵਾਪਸ ਪਿੰਡ ਆ ਰਿਹਾ ਸੀ ਤਾਂ ਪਿੰਡ ਰਾਜੇਆਣਾ ਕੋਲ ਰਸਤੇ 'ਚ ਕਿਸੇ ਵਾਹਨ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਮੋਗਾ ਰੈਫਰ ਕਰ ਦਿੱਤਾ। ਅਸੀਂ ਉਸ ਨੂੰ ਮੋਗਾ ਲੈ ਕੇ ਆ ਹੀ ਰਹੇ ਸਨ ਤਾਂ ਰਸਤੇ 'ਚ ਉਸ ਨੇ ਦਮ ਤੋੜ ਦਿੱਤਾ। ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਕਿਹਾ ਕਿ ਅੱਜ ਲਾਸ਼ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ। ਅਣਪਛਾਤੇ ਵਾਹਨ ਚਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ।