ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਦੇ ਅਕਾਲ ਚਲਾਣੇ ''ਤੇ ਭਾਈ ਲੌਂਗੋਵਾਲ ਵਲੋਂ ਦੁੱਖ ਦਾ ਪ੍ਰਗਟਾਵਾ

10/07/2020 4:02:20 PM

ਅੰਮ੍ਰਿਤਸਰ (ਦੀਪਕ ਸ਼ਰਮਾ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਅੱਜ ਅਕਾਲ ਚਲਾਣਾ ਕਰ ਗਏ। ਉਹ ਬੀਤੇ ਕੁਝ ਦਿਨਾਂ ਤੋਂ ਸਿਹਤ ਨਾਸਾਜ਼ ਹੋਣ ਕਾਰਨ ਸਥਾਨਕ ਇਕ ਹਸਪਤਾਲ 'ਚ ਜ਼ੇਰੇ-ਇਲਾਜ ਸਨ। ਉਨ੍ਹਾਂ ਦੇ ਅੱਜ ਸਵੇਰੇ ਕਰੀਬ 7 ਵਜੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਨਾਲ ਸਿੱਖ ਸੰਗਤਾਂ ਅੰਦਰ ਸੋਗ ਦੀ ਲਹਿਰ ਫੈਲ ਗਈ। ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਦੇ ਅਕਾਲ ਚਲਾਣੇ 'ਤੇ ਸਿੱਖ ਪੰਥ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਦੇ ਗ੍ਰਹਿ ਵਿਖੇ ਪੁੱਜ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਭਾਈ ਲੌਂਗੋਵਾਲ ਨੇ ਆਖਿਆ ਕਿ ਗਿਆਨੀ ਸੁਖਜਿੰਦਰ ਸਿੰਘ ਦਾ ਚਲਾਣਾ ਸਿੱਖ ਹਲਕਿਆਂ 'ਚ ਨਾ ਪੂਰਾ ਹੋਣ ਵਾਲਾ ਘਾਟਾ ਹੈ। 

ਇਸੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ• ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵੀ ਸਿੰਘ ਸਾਹਿਬ ਦੇ ਪਰਿਵਾਰ ਨਾਲ ਅਫ਼ਸੋਸ ਪ੍ਰਗਟ ਕੀਤਾ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ, ਸਿੰਘ ਸਾਹਿਬ ਗਿਆਨੀ ਮਾਨ ਸਿੰਘ ਸਮੇਤ ਹੋਰ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਕਮੇਟੀ ਅੰਤ੍ਰਿੰਗ ਮੈਂਬਰਾਂ ਨੇ ਚਲਾਣੇ 'ਤੇ ਹਮਦਰਦੀ ਪ੍ਰਗਟਾਈ। ਅਫ਼ਸੋਸ ਪ੍ਰਗਟ ਕਰਨ ਵਾਲਿਆਂ 'ਚ ਅੰਤ੍ਰਿੰਗ ਮੈਂਬਰ ਜਗਸੀਰ ਸਿੰਘ ਮਾਂਗੇਆਣਾ, ਮੰਗਵਿੰਦਰ ਸਿੰਘ ਖਾਪੜਖੇੜੀ, ਮੈਂਬਰ ਭਾਈ ਮਨਜੀਤ ਸਿੰਘ ਆਦਿ ਸ਼ਾਮਲ ਸਨ।

ਗਿਆਨੀ ਸੁਖਜਿੰਦਰ ਸਿੰਘ ਦੇ ਚਲਾਣੇ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਸ਼ੋਕ ਸਭਾ
ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਦੇ ਅਕਾਲ ਚਲਾਣੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਇਕ ਸ਼ੋਕ ਸਭਾ ਕੀਤੀ ਗਈ। ਇਸ ਮੌਕੇ ਵਿਛੜੀ ਰੂਹ ਨਮਿਤ ਮੂਲਮੰਤਰ ਅਤੇ ਗੁਰਮੰਤਰ ਦੇ ਪਾਠ ਮਗਰੋਂ ਅਰਦਾਸ ਕੀਤੀ ਗਈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਅਤੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਨੇ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਨੂੰ ਸ਼ਰਧਾਂਜ਼ਲੀ ਭੇਟ ਕੀਤੀ। ਸ਼ੋਕ ਸਭਾ ਦੌਰਾਨ ਸ਼੍ਰੋਮਣੀ ਕਮੇਟੀ ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ, ਮੀਤ ਸਕੱਤਰ ਸਕੱਤਰ ਸਿੰਘ, ਸਿਮਰਜੀਤ ਸਿੰਘ ਆਦਿ ਮੌਜੂਦ ਸਨ। ਗਿਆਨੀ ਸੁਖਜਿੰਦਰ ਸਿੰਘ ਦੇ ਅਕਾਲ ਚਲਾਣੇ ਦੇ ਸੋਗ ਵਜੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਬਾਅਦ ਦੁਪਹਿਰ ਅੱਧਾ ਦਿਨ ਲਈ ਬੰਦ ਰੱਖੇ ਗਏ।

Anuradha

This news is Content Editor Anuradha