ਘੱਗਰ ਦਰਿਆ ''ਚ ਡੁੱਬਣ ਨਾਲ ਨੌਜਵਾਨ ਦੀ ਮੌਤ

08/12/2017 6:11:33 AM

ਬਨੂੜ, (ਗੁਰਪਾਲ)- ਬਨੂੜ ਨੇੜਲੇ ਪਿੰਡ ਬਾਸਮਾਂ ਦੇ 21 ਸਾਲਾ ਨੌਜਵਾਨ ਦੀ ਘੱਗਰ ਦਰਿਆ ਵਿਚ ਡੁੱਬਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਬਾਸਮਾਂ ਦਾ ਵਸਨੀਕ ਨੌਜਵਾਨ ਹਰਜਿੰਦਰ ਸਿੰਘ ਪੁੱਤਰ ਰਾਜ ਕੁਮਾਰ ਆਪਣੇ ਪਿੰਡ ਨੇੜਿਓਂ ਲੰਘ ਰਹੇ ਘੱਗਰ ਦਰਿਆ ਵਿਚ ਆਪਣੀ ਜ਼ਮੀਨ ਦੀ ਸਿੰਚਾਈ ਲਈ ਰੱਖੇ ਇੰਜਣ ਰਾਹੀਂ ਝੋਨੇ ਦੀ ਫਸਲ ਨੂੰ ਪਾਣੀ ਲਾ ਰਿਹਾ ਸੀ। ਅਚਾਨਕ ਪੱਖੇ ਵਿਚ ਲੱਗਾ ਰਿਫਲੈਕਸ ਵਾਲਵ ਖਰਾਬ ਹੋ ਗਿਆ। ਜਦੋਂ ਉਕਤ ਨੌਜਵਾਨ ਨੇ ਇਸ ਨੂੰ ਠੀਕ ਕਰਨ ਲਈ ਘੱਗਰ ਦਰਿਆ ਵਿਚੋਂ ਲੰਘ ਰਹੇ ਪਾਣੀ ਵਿਚ ਪੈਰ ਪਾਇਆ ਤਾਂ ਉਹ ਬੀਤੀ ਰਾਤ ਪੋਕਲੇਨ ਮਸ਼ੀਨ ਨਾਲ ਰੇਤੇ ਦੀ ਕੀਤੀ ਗਈ ਗੈਰ-ਕਾਨੂੰਨੀ ਨਿਕਾਸੀ ਵਾਲੇ ਖੱਡੇ ਵਿਚ ਡਿੱਗ ਪਿਆ। ਉਸ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। 
ਹਾਦਸੇ ਬਾਰੇ ਪਤਾ ਲਗਦੇ ਹੀ ਬਸਪਾ ਆਗੂ ਜਗਜੀਤ ਸਿੰਘ ਛੜਬੜ, ਰਜਿੰਦਰ ਮੋਹੀ, ਡਾ. ਭੁਪਿੰਦਰ ਮਨੌਲੀ ਸੂਰਤ ਤੇ ਸਰਪੰਚ ਜਸਪਾਲ ਸਿੰਘ ਨੰਦਗੜ੍ਹ ਤੋਂ ਇਲਾਵਾ ਅਨੇਕਾਂ ਪੰਚਾਂ-ਸਰਪੰਚਾਂ ਨੇ ਪੁੱਜ ਕੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।