ਰਾਤ ਸਮੇਂ ਘਰੋਂ ਗਿਆ ਨੌਜਵਾਨ ਪੁੱਤ ਨਾ ਪਰਤਿਆ ਵਾਪਸ, ਇੰਝ ਆਵੇਗੀ ਮੌਤ ਸੋਚਿਆ ਨਾ ਸੀ

06/04/2023 6:33:17 PM

ਭਵਾਨੀਗੜ੍ਹ (ਵਿਕਾਸ ਮਿੱਤਲ) : ਬੀਤੀ ਦੇਰ ਰਾਤ ਇੱਥੇ ਸੁਨਾਮ-ਭਵਾਨੀਗੜ੍ਹ ਮੁੱਖ ਸੜਕ ’ਤੇ ਪਿੰਡ ਝਨੇੜੀ ਨੇੜੇ ਇਕ ਟਿੱਪਰ ਨੇ ਮੋਟਰਸਾਇਕਲ ਸਵਾਰ ਨੌਜਵਾਨ ਨੂੰ ਦਰੜ ਦਿੱਤਾ। ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਕਰੀਬ 80 ਫੁੱਟ ਤੱਕ ਦੀ ਦੂਰੀ ਤੱਕ ਮੋਟਰਸਾਇਕਲ ਨੂੰ ਘੜੀਸਦਾ ਲੈ ਗਿਆ ਜਿਸ ਦੌਰਾਨ ਮੋਟਰਸਾਈਕਲ ਚਾਲਕ ਦੀ ਦਰਦਨਾਕ ਮੌਤ ਹੋ ਗਈ। ਘਟਨਾ ਤੋਂ ਬਾਅਦ ਭੜਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਜਗੁਜ਼ਾਰੀ ਦੇ ਰੋਸ ਵਜੋਂ ਦੇਰ ਰਾਤ ਹੀ ਮ੍ਰਿਤਕ ਦੀ ਲਾਸ਼ ਨੂੰ ਸੜਕ ’ਤੇ ਰੱਖ ਕੇ ਸੁਨਾਮ-ਭਵਾਨੀਗੜ੍ਹ ਰੋਡ ’ਤੇ ਜਾਮ ਲਗਾ ਦਿੱਤਾ ਅਤੇ ਇਨਸਾਫ਼ ਮਿਲਣ ਤੱਕ ਸੰਘਰਸ਼ ਦੀ ਚਿਤਾਵਨੀ ਦਿੱਤੀ। 

ਇਹ ਵੀ ਪੜ੍ਹੋ : ਮੌਸਮ ’ਚ ਆਈ ਤਬਦੀਲੀ ਤੋੜ ਰਹੀ ਰਿਕਾਰਡ, ਜੂਨ ’ਚ ਠੰਡੀਆਂ ਹੋਈਆਂ ਰਾਤਾਂ, ਜਾਣੋ ਅਗਲੇ ਦਿਨਾਂ ਦਾ ਹਾਲ

ਦੱਸ ਦਈਏ ਕਿ ਇੱਥੇ ਨਿਰਮਾਣ ਅਧੀਨ ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ 'ਤੇ ਮਿੱਟੀ ਵਗੈਰਾ ਪਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਬੀਤੀ ਰਾਤ ਇੱਥੇ ਕੰਮ ’ਚ ਲੱਗੇ ਇਕ ਟਿੱਪਰ ਨੇ ਪਿੰਡ ਝਨੇੜੀ ਤੋਂ ਕਿਸੇ ਕੰਮ ਲਈ ਭਵਾਨੀਗੜ੍ਹ ਆ ਰਹੇ ਅੰਮ੍ਰਿਤਪਾਲ ਸਿੰਘ ਉਰਫ ਕਾਲਾ (24) ਪੁੱਤਰ ਲਾਲ ਸਿੰਘ ਵਾਸੀ ਝਨੇੜੀ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਘਟਨਾ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪ੍ਰਦਰਸ਼ਨਕਾਰੀਆਂ ’ਚ ਹਾਜ਼ਰ ਮ੍ਰਿਤਕ ਦੇ ਪਿਤਾ ਲਾਲ ਸਿੰਘ ਨੇ ਆਖਿਆ ਕਿ ਟਿੱਪਰ ਚਾਲਕ ਦੀ ਲਾਪਰਵਾਹੀ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਸਮੇਤ ਲੋਕਾਂ ਨੇ ਪੁਲਸ ਪ੍ਰਸ਼ਾਸਨ ’ਤੇ ਸੁਣਵਾਈ ਨਾ ਕਰਨ ਦੇ ਦੋਸ਼ ਲਗਾਉਂਦਿਆ ਕਿਹਾ ਕਿ ਸੂਚਨਾ ਦੇਣ ਦੇ ਬਾਵਜੂਦ ਪੁਲਸ ਮੁਲਾਜ਼ਮ ਕਰੀਬ ਡੇਢ ਘੰਟੇ ਬਾਅਦ ਮੌਕੇ ’ਤੇ ਪਹੁੰਚੇ।ਸੰਘਰਸ਼ ਦੀ ਹਿਮਾਇਤ ਵਿਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਬੀ.ਕੇ.ਯੂ. ਡਕੌੰਦਾ ਦੇ ਆਗੂ ਵੀ ਸ਼ਾਮਲ ਹੋਏ। 

ਇਹ ਵੀ ਪੜ੍ਹੋ : ਕੈਂਸਰ ਨਾਲ ਜੂਝ ਰਹੀ ਪਤਨੀ ਲਈ ਨਵਜੋਤ ਸਿੰਘ ਸਿੱਧੂ ਨੇ ਕੀਤੀ ਪੋਸਟ, ਆਖੀ ਇਹ ਗੱਲ

ਉਧਰ ਸੜਕ ਜਾਮ ਹੋਣ ਕਾਰਨ ਵਾਹਨ ਚਾਲਕਾਂ ਨੂੰ ਰਾਤ ਭਰ ਪ੍ਰੇਸ਼ਾਨੀ ਝੱਲਣੀ ਪਈ। ਐਤਵਾਰ ਸਵੇਰੇ ਘਟਨਾ ਸਥਾਨ ’ਤੇ ਧਰਨਾਕਾਰੀਆਂ 'ਚ ਪਹੁੰਚੇ ਡੀ. ਐੱਸ. ਪੀ ਭਵਾਨੀਗੜ੍ਹ ਮੋਹਿਤ ਅਗਰਵਾਲ ਅਤੇ ਥਾਣਾ ਮੁਖੀ ਜਸਪ੍ਰੀਤ ਸਿੰਘ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਮਾਮਲੇ ਵਿਚ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ। ਡੀ.ਐੱਸ.ਪੀ. ਅਗਰਵਾਲ ਨੇ ਦੱਸਿਆ ਕਿ ਪੁਲਸ ਨੇ ਟਿੱਪਰ ਦੇ ਡਰਾਇਵਰ ਸੁਖਦੇਵ ਸਿੰਘ ਗੋਗੀ ਪੁੱਤਰ ਸਾਧੂ ਸਿੰਘ ਵਾਸੀ ਵਜੀਦਪੁਰ ਖਿਲਾਫ਼ ਪਰਚਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਪੁਲਸ ਪ੍ਰਸ਼ਾਸਨ ਅਤੇ ਮ੍ਰਿਤਕ ਦੇ ਵਾਰਸਾਂ ਵਿਚਕਾਰ ਗੱਲਬਾਤ ਚੱਲ ਰਹੀ ਸੀ ਅਤੇ ਪੀੜਤ ਪਰਿਵਾਰ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਸੀ। 

ਇਹ ਵੀ ਪੜ੍ਹੋ : ਐਕਸ਼ਨ ’ਚ ਸਿੱਖਿਆ ਵਿਭਾਗ, ਛੁੱਟੀਆਂ ਦੌਰਾਨ ਪੰਜਾਬ ਦੇ ਸਕੂਲਾਂ ਲਈ ਜਾਰੀ ਕੀਤਾ ਸਖ਼ਤ ਫ਼ਰਮਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

Gurminder Singh

This news is Content Editor Gurminder Singh