ਫੌਜ ''ਚੋਂ ਰਿਟਾਇਰਡ ਬਜ਼ੁਰਗ ਦੀ ਟਰੇਨ ਦੀ ਲਪੇਟ ''ਚ ਆਉਣ ਨਾਲ ਮੌਤ

02/15/2018 6:22:06 AM

ਜਲੰਧਰ, (ਗੁਲਸ਼ਨ)- ਬੁੱਧਵਾਰ ਦੁਪਹਿਰ ਜਿੰਦਾ ਫਾਟਕ ਕੋਲ ਪੈਂਦੇ ਆਨੰਦ ਨਗਰ ਦੇ ਨਾਲ ਲੱਗਦੀਆਂ ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਇਕ ਬਜ਼ੁਰਗ ਦੀ ਟਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਬਜ਼ੁਰਗ ਜਦੋਂ ਲਾਈਨਾਂ ਪਾਰ ਕਰ ਰਿਹਾ ਸੀ ਤਾਂ ਅੰਮ੍ਰਿਤਸਰ ਵੱਲੋਂ ਸ਼ਹੀਦ  ਐਕਸਪ੍ਰੈੱਸ ਆ ਰਹੀ ਸੀ। ਟਰੇਨ ਦੇ ਡਰਾਈਵਰ ਨੇ ਵਾਰ-ਵਾਰ ਹਾਰਨ ਵੀ ਵਜਾਇਆ ਪਰ ਉਸਨੂੰ ਸੁਣਿਆ ਨਹੀਂ। ਟਰੇਨ ਦੀ ਸਪੀਡ ਜ਼ਿਆਦਾ ਹੋਣ ਕਾਰਨ  ਉਹ ਟਰੇਨ ਦੀ ਲਪੇਟ ਵਿਚ ਆ ਗਿਆ ਤੇ ਬੁਰੀ ਤਰ੍ਹਾਂ ਵੱਢਿਆ ਗਿਆ। ਮੌਕੇ 'ਤੇ ਪਹੁੰਚੀ ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਜਾਂਚ ਸ਼ੁਰੂ ਕੀਤੀ। 
ਮ੍ਰਿਤਕ ਦੀ ਪਛਾਣ ਮਦਨ ਲਾਲ (70) ਪੁੱਤਰ ਸੁੰਦਰ ਲਾਲ ਵਾਸੀ ਰਵਿਦਾਸ ਨਗਰ ਦੇ ਤੌਰ 'ਤੇ ਹੋਈ ਹੈ। ਜਾਣਕਾਰੀ ਦਿੰਦਿਆਂ ਜੀ. ਆਰ. ਪੀ. ਦੇ ਏ. ਐੱਸ. ਆਈ. ਹੀਰਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੂਰਾਨੁੱਸੀ ਸਥਿਤ ਆਰਮੀ ਡਿਪੂ ਤੋਂ ਰਿਟਾਇਰਡ ਸੀ। ਪਿਛਲੇ ਕਾਫੀ ਸਮੇਂ ਤੋਂ ਉਹ ਬੀਮਾਰੀ ਤੋਂ ਪੀੜਤ ਸੀ। ਅਧਰੰਗ ਦਾ ਅਟੈਕ ਆਉਣ ਕਾਰਨ ਉਸਦੇ ਸਰੀਰ ਦਾ ਇਕ ਹਿੱਸਾ ਡੈੱਡ ਸੀ। ਬਜ਼ੁਰਗ ਹੋਣ ਕਾਰਨ ਉਸਨੂੰ ਕੰਨਾਂ ਤੋਂ ਵੀ ਘੱਟ ਸੁਣਦਾ ਸੀ। ਹੀਰਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ 3 ਬੇਟੇ ਹਨ। ਇਕ ਬੇਟੇ ਫਕੀਰ ਚੰਦ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਘਰੋਂ ਘੁੰਮਣ ਲਈ ਨਿਕਲੇ ਸਨ। ਰੇਲਵੇ ਲਾਈਨ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ ਵਿਚ ਆ ਗਏ। ਪੁਲਸ ਨੇ ਫਕੀਰ ਚੰਦ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।