ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਰਾਜ ਮਿਸਤਰੀ ਦੀ ਦਰਦਨਾਕ ਮੌਤ

04/19/2018 1:14:24 PM

ਸੰਗਤ ਮੰਡੀ (ਮਨਜੀਤ)-ਪਿੰਡ ਜੰਗੀਰਾਣਾ ਵਿਖੇ ਬੀਤੀ ਰਾਤ ਮੋਟਰਸਾਈਕਲ ਸਵਾਰ ਰਾਜ ਮਿਸਤਰੀ ਦੀ ਕਿਸੇ ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਘਟਨਾ ਸਥਾਨ 'ਤੇ ਹੀ ਦਰਦਨਾਕ ਮੌਤ ਹੋ ਗਈ । ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਗਮਦੂਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰਜੰਟ ਸਿੰਘ ਉਰਫ਼ ਜੰਟਾ (40) ਪੁੱਤਰ ਚੰਦ ਸਿੰਘ ਵਾਸੀ ਪਿਉਰੀ ਕਿਸੇ ਕੰਮ ਤੋਂ ਬੀਤੀ ਰਾਤ ਘਰ ਜਾ ਰਿਹਾ ਸੀ, ਜਦ ਉਹ ਜੰਗੀਰਾਣਾ ਪਿੰਡ ਕੋਲ ਪਹੁੰਚਿਆ ਤਾਂ ਉਸ ਦੇ ਮੋਟਰਸਾਈਕਲ ਨੂੰ ਕਿਸੇ ਨਾਮੂਲਮ ਵਾਹਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਗੁਰਜੰਟ ਸਿੰਘ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਕੰਬਾਇਨ ਨਾਲ ਟਕਰਾਇਆ ਹੈ, ਜਿਸ ਕਾਰਨ ਉਸ ਦੇ ਬਲੈਟਾ ਨੇ ਉਸ ਦੀ ਛਾਤੀ ਨੂੰ ਚੀਰ ਦਿੱਤਾ । ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਜਨ ਸਹਾਰਾ ਦੇ ਵਰਕਰਾਂ ਵੱਲੋਂ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ । ਪੁਲਸ ਵੱਲੋਂ ਮ੍ਰਿਤਕ ਦੇ ਸਾਲੇ ਗੁਰਲਾਬ ਸਿੰਘ ਵਾਸੀ ਬੱਲੂਆਣਾ ਦੇ ਬਿਆਨਾਂ 'ਤੇ ਨਾਮਲੂਮ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ । ਦੱਸਣਾ ਬਣਦਾ ਹੈ ਕਿ ਮ੍ਰਿਤਕ ਗੁਰਜੰਟ ਸਿੰਘ ਜ਼ਿੰਮੀਦਾਰ ਸੀ ਪਰ ਉਸ ਕੋਲ ਕੋਈ ਜ਼ਮੀਨ ਜਾਇਜਾਦ ਨਹੀਂ ਸੀ, ਇਸ ਲਈ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਸੀ । ਗੁਰਜੰਟ ਸਿੰਘ ਦੇ ਮਾਤਾ-ਪਿਤਾ ਦੀ ਪਹਿਲਾ ਮੌਤ ਹੋ ਚੁੱਕੀ ਹੈ, ਗੁਰਜੰਟ ਦਾ ਆਪਣੀ ਪਤਨੀ ਨਾਲ ਵੀ ਤਲਾਕ ਹੋ ਚੁੱਕਿਆ ਹੈ, ਉਸ ਦੇ ਦੋ ਛੋਟੇ ਬੱਚੇ ਇਕ ਲੜਕਾ ਤੇ ਇਕ ਲੜਕੀ ਪਿੱਛੇ ਰਹਿ ਗਏ ਹਨ।