ਸੜਕ ਹਾਦਸਿਆਂ ''ਚ ਇਕ ਵਿਅਕਤੀ ਦੀ ਮੌਤ; 3 ਜ਼ਖ਼ਮੀ

07/22/2017 1:25:53 AM

ਭੂੰਗਾ, (ਭਟੋਆ)- ਹੁਸ਼ਿਆਰਪੁਰ-ਦਸੂਹਾ ਰੋਡ 'ਤੇ ਮਾਊਂਟ ਕਾਰਮਲ ਸਕੂਲ ਭੂੰਗਾ ਨਜ਼ਦੀਕ ਪੈਟਰੋਲ ਪੰਪ ਦੇ ਸਾਹਮਣੇ ਵਾਪਰੇ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਅਤੇ 2 ਔਰਤਾਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਰਤੀਪਾਲ ਸ਼ਰਮਾ ਪੁੱਤਰ ਸੰਜੀਵ ਸ਼ਰਮਾ ਗੜ੍ਹਦੀਵਾਲਾ ਜੋ ਕਿ ਫਾਰਚੂਨਰ ਗੱਡੀ 'ਤੇ ਗੜ੍ਹਦੀਵਾਲਾ ਸਾਈਡ ਤੋਂ ਹਰਿਆਣਾ ਵੱਲ ਜਾ ਰਿਹਾ ਸੀ ਕਿ ਜਦੋਂ ਉਹ ਮਾਊਂਟ ਕਾਰਮਲ ਸਕੂਲ ਨਜ਼ਦੀਕ ਪਹੁੰਚਾ ਤਾਂ ਸਾਹਮਣਿਓਂ ਆ ਰਹੇ ਇਕ ਮੋਟਰਸਾਈਕਲ 'ਤੇ ਸਵਾਰ ਰਾਕੇਸ਼ ਕੁਮਾਰ ਹੈਲਥ ਇੰਸਪੈਕਟਰ (52) ਪੁੱਤਰ ਸੇਵਾ ਰਾਮ ਪਿੰਡ ਤਾਰਾਗੜ੍ਹ ਤਹਿਸੀਲ ਬਟਾਲਾ ਜ਼ਿਲਾ ਗੁਰਦਾਸਪੁਰ ਦੀ ਗੱਡੀ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਤੋਂ ਬਾਅਦ ਅੱਗੇ ਸਕੂਟਰੀ 'ਤੇ ਸਵਾਰ ਦੋ ਔਰਤਾਂ ਹਰਪ੍ਰੀਤ ਕੌਰ ਏ. ਐੱਨ. ਐੱਮ. ਪਤਨੀ ਪਵਨ ਕੁਮਾਰ ਗਗਰੇਟ ਹਿਮਾਚਲ ਪ੍ਰਦੇਸ਼ ਤੇ ਆਸ਼ਾ ਵਰਕਰ ਚਾਂਦ ਰਾਣੀ ਪਤਨੀ ਸੁਸ਼ੀਲ ਕੁਮਾਰ ਪਿੰਡ ਫਾਂਬੜਾ ਨਾਲ ਗੱਡੀ ਟਕਰਾਉਣ 'ਤੇ ਰਾਕੇਸ਼ ਕੁਮਾਰ ਅਤੇ ਹਰਪ੍ਰੀਤ ਕੌਰ ਤੇ ਚਾਂਦ ਰਾਣੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।
ਇਸ ਦੌਰਾਨ ਫਾਰਚੂਨਰ ਗੱਡੀ ਸੰਤੁਲਨ ਵਿਗੜਨ ਕਾਰਨ ਸਬਜ਼ੀ ਵਾਲੇ ਰੇਹੜੇ ਵਿਚ ਜਾ ਵੱਜੀ, ਜਦਕਿ ਰੇਹੜੇ 'ਤੇ ਸਵਾਰ ਰਵੀ ਕੁਮਾਰ ਪੁੱਤਰ ਮੋਹਣ ਲਾਲ ਹਰਿਆਣਾ ਵੱਲੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਗਈ। ਜ਼ਖ਼ਮੀਆਂ ਨੂੰ ਐਂਬੂਲੈਂਸ ਦੀ ਸਹਾਇਤਾ ਨਾਲ ਪੀ. ਐੱਚ. ਸੀ. ਭੂੰਗਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਰਾਕੇਸ਼ ਕੁਮਾਰ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਅਤੇ ਹਰਪ੍ਰੀਤ ਕੌਰ ਤੇ ਚਾਂਦ ਰਾਣੀ ਨੂੰ ਜ਼ਿਆਦਾ ਸੱਟਾਂ ਲੱਗਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਇਸ ਸਬੰਧੀ ਪੁਲਸ ਚੌਕੀ ਭੂੰਗਾ ਦੇ ਇੰਚਾਰਜ ਰਾਜਵਿੰਦਰ ਸਿੰਘ ਵਲੋਂ ਫਾਰਚੂਨਰ ਗੱਡੀ ਚਾਲਕ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮੁਕੇਰੀਆਂ, (ਬਲਬੀਰ)-ਮੁਕੇਰੀਆਂ-ਗੁਰਦਾਸਪੁਰ ਰੋਡ 'ਤੇ ਹੋਏ ਸੜਕ ਹਾਦਸੇ 'ਚ ਇਕ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਬੰਟੀ ਪੁੱਤਰ ਡੇਵਿਡ ਪਿੰਡ ਭੂੰਗੇਵਾਲ ਨਜ਼ਦੀਕ ਆਪਣੇ ਇਕ ਹੋਰ ਸਾਥੀ ਨਾਲ ਗੁਰਦਾਸਪੁਰ ਤੋਂ ਮੋਟਰਸਾਈਕਲ 'ਤੇ ਗੈਸ ਸਿਲੰਡਰ ਲੈ ਕੇ ਵਾਪਸ ਆਪਣੇ ਪਿੰਡ ਨੂੰ ਪਰਤ ਰਿਹਾ ਸੀ। ਜਦੋਂ ਉਹ ਪੁਰਾਣਾ ਸ਼ਾਲਾ ਚੌਕ ਕੋਲ ਪਹੁੰਚੇ ਤਾਂ ਪਿੱਛਿਓਂ ਆ ਰਿਹਾ ਇਕ ਹੋਰ ਮੋਟਰਸਾਈਕਲ ਉਨ੍ਹਾਂ ਦੇ ਮੋਟਰਸਾਈਕਲ 'ਚ ਵੱਜਾ, ਜਿਸ ਕਾਰਨ ਉਹ ਦੋਵੇਂ ਹੇਠਾਂ ਡਿੱਗ ਗਏ ਤੇ ਬੰਟੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਲੋਕਾਂ ਨੇ ਐਂਬੂਲੈਂਸ ਰਾਹੀਂ ਉਸ ਨੂੰ ਸਰਕਾਰੀ ਹਸਪਤਾਲ ਮੁਕੇਰੀਆਂ ਪਹੁੰਚਾਇਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ। ਪੁਲਸ ਨੇ ਦੂਸਰੇ ਮੋਟਰਸਾਈਕਲ ਚਾਲਕ 'ਤੇ ਮਾਮਲਾ ਦਰਜ ਕਰ ਲਿਆ ਹੈ।