ਲਾਪਰਵਾਹੀ : ਮਰੀ ਮਾਂ ਦੀ ਥਾਂ ਜਿÀੂਂਦੇ ਪੁੱਤ ਦਾ ਹੀ ਬਣਾ ਦਿੱਤਾ ਡੈਥ ਸਰਟੀਫਿਕੇਟ

07/18/2018 6:34:03 AM

ਫਿਰੋਜ਼ਪੁਰ (ਕੁਮਾਰ)  - ਜ਼ਿਲਾ ਪ੍ਰਸ਼ਾਸਨ ਦਾ ਕਰਿਸ਼ਮਾ ਦੋਖੋ, ਮਰੀ ਮਾਂ ਦਾ ਡੈਥ ਸਰਟੀਫਿਕੇਟ ਲੈਣ ਲਈ ਪਹਿਲਾਂ 100 ਚੱਕਰ ਲਾਏ ਤੇ ਫਿਰ ਮਰੀ ਮਾਂ ਦਾ ਡੈਥ ਸਰਟੀਫਿਕੇਟ ਦੇਣ ਦੀ ਥਾਂ ਜਿਊਂਦੇ ਪੁੱਤ ਦਾ ਹੀ ਡੈਥ ਸਰਟੀਫਿਕੇਟ ਬਣਾ ਕੇ ਉਸ ਦੇ ਹੱਥ ਵਿਚ ਫੜਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਖੂਹ ਕੋਟੀਆਂ ਵਾਲਾ (ਸਾਹਮਣੇ ਗੁਰੂ ਨਗਰ, ਨਜ਼ਦੀਕ ਦਾਣਾ ਮੰਡੀ) ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ 26 ਨਵੰਬਰ 2016 ਨੂੰ ਉਸ ਦੀ ਮਾਂ ਸਰਵਨ ਕੌਰ ਦੀ ਮੌਤ ਹੋ ਗਈ ਸੀ ਅਤੇ ਉਦੋਂ ਉਹ ਡੈਥ ਸਰਟੀਫਿਕੇਟ ਲੈਣ ਲਈ ਰਜਿਸਟਰੇਸ਼ਨ ਨਹੀਂ ਕਰਵਾ ਸਕੇ ਅਤੇ 30 ਮਈ 2017 ਨੂੰ ਉਨ੍ਹਾਂ ਸਾਰੀ ਕਾਰਵਾਈ ਪੂਰੀ ਕਰ ਕੇ ਮਾਂ ਦਾ ਡੈਥ ਸਰਟੀਫਿਕੇਟ ਲੈਣ ਲਈ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਸੇਵਾ ਕੇਂਦਰ ਵਿਚ ਫਾਈਲ ਜਮ੍ਹਾ ਕਰਵਾਈ। ਦਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ 100 ਵਾਰ ਵੱਖ-ਵੱਖ ਦਫਤਰਾਂ ਦੇ ਚੱਕਰ ਲਾਉਣ ਤੋਂ ਬਾਅਦ ਅੱਜ ਇਸ ਸੇਵਾ ਕੇਂਦਰ ਤੋਂ ਉਸ ਨੂੰ ਜੋ ਸਰਟੀਫਿਕੇਟ ਮਿਲਿਆ ਹੈ, ਉਹ ਉਸ ਦੀ ਮਰੀ ਹੋਈ ਮਾਂ ਦਾ ਨਹੀਂ, ਬਲਕਿ ਉਸ ਦਾ ਖੁਦ ਦਾ ਡੈਥ ਸਰਟੀਫਿਕੇਟ ਮਿਲਿਆ ਹੈ। ਉਸ ਨੇ ਦੱਸਿਆ ਕਿ ਉਸ ਨੂੰ ਦਿੱਤੇ ਗਏ ਸਰਟੀਫਿਕੇਟ ਦੇ ਮ੍ਰਿਤਕ ਦੇ ਨਾਂ ਵਾਲੇ ਕਾਲਮ ਵਿਚ ਉਸ ਦਾ ਆਪਣਾ ਨਾਂ ਦਵਿੰਦਰ ਸਿੰਘ ਲਿਖਿਆ ਹੈ ਅਤੇ ਪਤੀ ਵਾਲੇ ਕਾਲਮ ਵਿਚ ਸੁਖਵਿੰਦਰ ਕੌਰ ਤੇ ਮਾਂ ਵਾਲੇ ਕਾਲਮ ਵਿਚ ਸਰਵਨ ਕੌਰ ਦਾ ਨਾਂ ਲਿਖਿਆ ਹੋਇਆ ਹੈ। ਉਸ ਨੇ ਕਿਹਾ ਕਿ ਇਹ ਕਿੰਨੀ ਗੈਰ ਜ਼ਿੰਮੇਰਾਨਾ ਕਾਰਵਾਈ ਹੈ। ਡਿਪਟੀ ਕਮਿਸ਼ਨਰ ਨੂੰ ਅਜਿਹੀਆਂ ਗੱਲਾਂ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ ਅਤੇ ਲਾਪ੍ਰਵਾਹੀ ਵਰਤਣ ਵਾਲਿਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।