ਗਰਮ ਕਾੜ੍ਹੇ ਵਾਲੇ ਭਾਂਡੇ ''ਚ ਡਿੱਗਣ ਕਾਰਨ ਢਾਈ ਸਾਲਾ ਬੱਚੇ ਦੀ ਮੌਤ

04/01/2018 6:18:27 AM

ਬੀਜਾ(ਬਿਪਨ)-ਪਿੰਡ ਦਹਿੜੂ ਵਿਖੇ ਗਰਮ ਕਾੜ੍ਹੇ ਵਾਲੇ ਭਾਂਡੇ 'ਚ ਡਿੱਗਣ ਕਾਰਨ ਇਕ ਢਾਈ ਸਾਲਾ ਬੱਚੇ ਦੀ ਮੌਤ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਹਿੜੂ ਦੇ ਜੱਸੀ ਦਾਸ ਨੇ 23 ਮਾਰਚ ਨੂੰ ਗਾਂ ਦੇ ਸੂਣ ਕਾਰਨ ਉਸਨੂੰ ਦੇਣ ਲਈ ਮਿੱਠਾ ਗਰਮ ਕਾੜ੍ਹਾ ਤਿਆਰ ਕਰਕੇ ਠੰਡਾ ਕਰਨ ਲਈ ਵਿਹੜੇ ਵਿਚ ਰੱਖ ਦਿੱਤਾ । ਇਸੇ ਦੌਰਾਨ ਜੱਸੀ ਦਾਸ ਦਾ ਢਾਈ ਸਾਲਾ ਪੁੱਤਰ ਸਾਹਿਲ ਖੇਡਦਾ ਖੇਡਦਾ ਅਚਾਨਕ ਗਰਮ ਕਾੜ੍ਹੇ 'ਚ ਡਿੱਗ ਪਿਆ ਤੇ ਬੁਰੀ ਤਰ੍ਹਾਂ ਝੁਲਸ ਗਿਆ । ਪਰਿਵਾਰਕ ਮੈਂਬਰਾਂ ਨੇ ਉਸਨੂੰ ਸਿਵਲ ਹਸਪਤਾਲ ਖੰਨਾ ਵਿਖੇ ਭਰਤੀ ਕਰਵਾਇਆ, ਜਿਥੇ ਬੱਚੇ ਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰ ਨੇ ਉਸਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ । ਪਟਿਆਲਾ ਵਿਖੇ ਬੱਚੇ ਦੀ ਹਾਲਤ ਵਿਚ ਸੁਧਾਰ ਨਾ ਹੋਣ ਕਾਰਨ ਡਾਕਟਰਾਂ ਨੇ ਉਸਨੂੰ ਪੀ. ਜੀ. ਆਈ. ਚੰਡੀਗੜ੍ਹ ਭੇਜ ਦਿੱਤਾ, ਜਿੱਥੇ ਬੱਚੇ ਦੀ ਪੰਜ ਦਿਨ ਜ਼ਿੰਦਗੀ-ਮੌਤ ਦੀ ਲੜਾਈ ਲੜਨ ਤੋਂ ਬਾਅਦ ਅੱਜ ਮੌਤ ਹੋ ਗਈ। ਪੁਲਸ ਚੌਕੀ ਕੋਟ ਨੇ ਮ੍ਰਿਤਕ ਸਾਹਿਲ ਦੇ ਪਿਤਾ ਜੱਸੀ ਦਾਸ ਦੇ ਬਿਆਨਾਂ 'ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ।