ਮੌਤ ਦੇ ਚਾਰ ਮਹੀਨੇ ਬਾਅਦ ਸਾਹਮਣੇ ਆਇਆ ਸੱਚ, ਸਹੁਰਿਆਂ ਦੀ ਕਰਤੂਤ ਹੋਈ ਜਗ-ਜ਼ਾਹਰ

02/12/2020 4:43:45 PM

ਮਲੋਟ (ਜੁਨੇਜਾ) : ਸਿਟੀ ਮਲੋਟ ਪੁਲਸ ਨੇ ਚਾਰ ਮਹੀਨੇ ਪਹਿਲਾਂ ਇਕ ਵਿਆਹੁਤਾ ਔਰਤ ਦਾ ਸਹੁਰੇ ਪਰਿਵਾਰ ਵੱਲੋਂ ਕਤਲ ਕਰਕੇ ਅਤੇ ਇਸ ਮਾਮਲੇ ਨੂੰ ਹਾਦਸੇ ਦੀ ਰੰਗਤ ਦੇਣ ਦੇ ਮਾਮਲੇ 'ਚ ਪਤੀ, ਸੱਸ ਅਤੇ ਸਹੁਰੇ ਵਿਰੁੱਧ ਕਤਲ ਅਤੇ ਸਾਜ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ।  ਮਲੋਟ ਵਿਖੇ ਗੁਰੂ ਨਾਨਕ ਨਗਰੀ ਵਿਖੇ ਦੋ ਧੀਆਂ ਦੀ ਮਾਂ ਸੰਦੀਪ ਕੌਰ ਪਤਨੀ ਭੁਪਿੰਦਰ ਸਿੰਘ ਦੀ ਮੌਤ ਹੋ ਗਈ ਸੀ ਜਿਸ 'ਤੇ ਸਹੁਰੇ ਪਰਿਵਾਰ ਦਾ ਕਹਿਣਾ ਸੀ ਕਿ ਉਹ ਛੱਤ 'ਤੇ ਕੱਪੜੇ ਸੁਕਾ ਰਹੀ ਸੀ ਅਤੇ ਪੌੜੀਆਂ ਤੋਂ ਡਿੱਗ ਪਈ। ਇਸ ਮਾਮਲੇ 'ਤੇ ਪੁਲਸ ਨੇ 174 ਦੀ ਕਾਰਵਾਈ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਮ੍ਰਿਤਕਾ ਦੇ ਭਰਾ ਹਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਭਗਵਾਨਪੁਰਾ ਨੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਕੇ ਦੱਸਿਆ ਸੀ ਕਿ ਉਸ ਦੀ ਭੈਣ ਸੰਦੀਪ ਕੌਰ ਦਾ 8-9 ਸਾਲ ਪਹਿਲਾਂ ਭੁਪਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਰਾਣੀਵਾਲਾ ਨਾਲ ਵਿਆਹ ਹੋਇਆ ਸੀ। ਉਸ ਦੇ ਆਰਮੀ 'ਚ ਤਾਇਨਾਤ ਜੀਜੇ ਦੇ ਬਾਹਰੀ ਔਰਤ ਨਾਲ ਨਾਜਾਇਜ਼ ਸਬੰਧ ਹਨ ਅਤੇ ਉਸ ਦੀ ਭੈਣ ਸੰਦੀਪ ਕੌਰ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ । ਉਸ ਨਾਲ ਉਸ ਦਾ ਸਹੁਰਾ ਪਰਿਵਾਰ ਝਗੜਾ ਕਰਦਾ ਰਹਿੰਦਾ ਹੈ। 

4 ਅਕਤੂਬਰ 2019 ਨੂੰ ਸੰਦੀਪ ਕੌਰ ਦੇ ਸਹੁਰੇ ਪਰਿਵਾਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਸ ਦੀ ਪੌੜੀਆਂ ਤੋਂ ਡਿੱਗਣ ਨਾਲ ਮੌਤ ਹੋ ਗਈ ਹੈ। ਉਸ ਦੇ ਸਰੀਰ ਉਪਰ ਕੋਈ ਵੀ ਅਜਿਹੀ ਚੋਟ ਦਾ ਨਿਸ਼ਾਨ ਨਹੀਂ ਸੀ ਜਦ ਕਿ ਗਰਦਨ 'ਤੇ ਨਿਸ਼ਾਨ ਸਨ। ਸ਼ਿਕਾਇਤ ਕਰਤਾ ਦਾ ਦੋਸ਼ ਸੀ ਕਿ ਉਸ ਦੀ ਭੈਣ ਸੰਦੀਪ ਕੌਰ ਦਾ ਕਤਲ ਕੀਤਾ ਗਿਆ ਹੈ। ਇਸ ਮਾਮਲੇ ਦੀ ਡੀ. ਐੱਸ. ਪੀ. ਡੀ. ਜਸਮੀਤ ਸਿੰਘ ਵੱਲੋਂ ਕੀਤੀ ਪੜਤਾਲ ਉਪਰੰਤ ਸਾਹਮਣੇ ਆਇਆ ਕਿ ਇਹ ਮਾਮਲਾ ਹਾਦਸੇ ਦਾ ਨਹੀਂ ਸਗੋਂ ਕਤਲ ਦਾ ਹੈ। ਇਸ ਤੋਂ ਬਾਅਦ ਪੁਲਸ ਨੇ ਮ੍ਰਿਤਕਾ ਦੇ ਪਤੀ ਭੁਪਿੰਦਰ ਸਿੰਘ ਪੁੱਤਰ ਬਲਦੇਵ ਸਿੰਘ, ਸੱਸ ਸਰਬਜੀਤ ਕੌਰ ਪਤਨੀ ਬਲਦੇਵ ਸਿੰਘ ਅਤੇ ਸਹੁਰੇ ਬਲਦੇਵ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਮਲੋਟ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ।

ਮ੍ਰਿਤਕਾ ਦੇ ਪਰਿਵਾਰ ਨੇ ਪੁਲਸ ਕਾਰਵਾਈ 'ਤੇ ਤਸੱਲੀ ਪ੍ਰਗਟਾਈ
ਇਸ ਮਾਮਲੇ ਵਿਚ ਪਹਿਲਾਂ ਪੁਲਸ ਨੇ 174 ਦੀ ਕਾਰਵਾਈ ਕੀਤੀ ਸੀ ਪਰ ਜਾਂਚ ਤੋਂ ਬਾਅਦ ਕਥਿਤ ਦੋਸ਼ੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਮ੍ਰਿਤਕਾ ਦੇ ਪਿਤਾ ਕਸ਼ਮੀਰ ਸਿੰਘ ਅਤੇ ਭਰਾ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਕਾਰਵਾਈ 'ਤੇ ਤਸੱਲੀ ਪ੍ਰਗਟਾਈ ਹੈ।

Gurminder Singh

This news is Content Editor Gurminder Singh