ਤੇਜ਼ਧਾਰ ਹਥਿਆਰਾਂ ਨਾਲ ਦੋਧੀ ''ਤੇ ਕੀਤਾ ਜਾਨਲੇਵਾ ਹਮਲਾ, ਮੌਤ

11/15/2019 1:09:52 AM

ਖੰਨਾ, (ਜ. ਬ.)— ਸਥਾਨਕ ਮਾਲੇਰਕੋਟਲਾ ਰੋਡ 'ਤੇ ਸਵੇਰੇ 6 ਵਜੇ ਦੁੱਧ ਪਾਉਣ ਜਾ ਰਹੇ ਇਕ ਦੋਧੀ 'ਤੇ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਫਰਾਰ ਹੋਣ 'ਚ ਕਾਮਯਾਬ ਹੋ ਗਏ। ਲੋਕਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਜਿਸ ਕਾਰਨ ਡੀ. ਐੱਸ. ਪੀ. ਰਾਜਨ ਪਰਮਿੰਦਰ, ਐੱਸ. ਐੱਚ. ਓ. ਸਦਰ ਬਲਜਿੰਦਰ ਸਿੰਘ, ਐੱਸ. ਐੱਚ. ਓ. ਸਿਟੀ-2 ਵਿਨੋਦ ਕੁਮਾਰ ਨੇ ਮੌਕੇ ਦਾ ਨਿਰੀਖਣ ਕਰਨ ਤੋਂ ਬਾਅਦ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਕਾਰਵਾਈ ਨੂੰ ਅੱਗੇ ਵਧਾਇਆ ਹੈ। ਪੁਲਸ ਨੇ ਇਸ ਸਬੰਧ ਵਿਚ ਅਣਪਛਾਤੇ ਹਮਲਾਵਰਾਂ ਵਿਰੁੱਧ ਕੇਸ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸੰਦੀਪ ਸਿੰਘ ਉਰਫ ਗੋਲੂ (26) ਪੁੱਤਰ ਅਜੀਤ ਸਿੰਘ ਨਿਵਾਸੀ ਪਿੰਡ ਰਸੂਲੜਾ ਵੀਰਵਾਰ ਸ਼ਹਿਰ ਵਿਚ ਦੁੱਧ ਪਾਉਣ ਲਈ ਜਾ ਰਿਹਾ ਸੀ ਤਾਂ ਦੋ ਨਕਾਬਪੋਸ਼ ਮੋਟਰਸਾਈਕਲ 'ਤੇ ਸਵਾਰ ਕਾਤਲਾਂ ਨੇ ਚੱਲਦੇ ਮੋਟਰਸਾਈਕਲ 'ਤੇ ਹੀ ਉਸ ਦੀ ਗਰਦਨ 'ਤੇ ਤੇਜ਼ ਹਥਿਆਰ ਨਾਲ 7 ਵਾਰ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਉਹ ਸੜਕ 'ਤੇ ਡਿੱਗ ਗਿਆ ।


ਰੰਜ਼ਿਸ਼ ਤਹਿਤ ਕੀਤਾ ਹਮਲਾ
ਵਰਣਨਯੋਗ ਹੈ ਕਿ ਸੰਦੀਪ ਨਾਲ ਉਸ ਦੇ ਪਿੰਡ ਦਾ ਉਸ ਦਾ ਦੋਸਤ ਜਗਜੀਤ ਸਿੰਘ ਪੁੱਤਰ ਬਲਬੀਰ ਸਿੰਘ ਪਿੱਛੇ ਦੁੱਧ ਦੇ ਡਰੰਮ ਲੈ ਕੇ ਬੈਠਾ ਸੀ, ਜਿਸ 'ਤੇ ਹਮਲਾਵਰਾਂ ਨੇ ਹਮਲਾ ਨਹੀਂ ਕੀਤਾ। ਇਸ ਤੋਂ ਇਕ ਗੱਲ ਤਾਂ ਸਾਫ ਹੈ ਕਿ ਹਮਲਾਵਰਾਂ ਨੇ ਕਿਸੇ ਪੁਰਾਣੀ ਰੰਜ਼ਿਸ਼ ਕਾਰਣ ਹੀ ਸੰਦੀਪ ਨੂੰ ਆਪਣਾ ਨਿਸ਼ਾਨਾ ਬਣਾਇਆ। ਸੰਦੀਪ ਨੂੰ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਚਾਰ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਮੌਕੇ 'ਤੇ ਮੌਜੂਦ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਰਸੂਲੜਾ ਨੇ ਦੱਸਿਆ ਕਿ ਮ੍ਰਿਤਕ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਪਤਾ ਨਹੀਂ ਕਿਉਂ ਇਹ ਕਾਤਲਾਨਾ ਹਮਲਾ ਕੀਤਾ ਗਿਆ।

ਕੀ ਕਹਿਣਾ ਹੈ ਜਗਜੀਤ ਦਾ
ਇਸ ਸਬੰਧੀ ਸਿਵਲ ਹਸਪਤਾਲ ਵਿਚ ਜਗਜੀਤ ਸਿੰਘ, ਜੋ ਕਿ ਘਟਨਾ ਦੇ ਸਮੇਂ ਮ੍ਰਿਤਕ ਨਾਲ ਮੋਟਰਸਾਈਕਲ 'ਤੇ ਸਵਾਰ ਸੀ, ਨੇ ਦੱਸਿਆ ਕਿ ਉਹ ਘਰ ਤੋਂ ਥੋੜ੍ਹੀ ਦੂਰੀ 'ਤੇ ਹੀ ਸੀ ਜਿਥੇ ਸੰਦੀਪ ਨੇ ਦੁੱਧ ਪਾਉਣਾ ਸੀ ਕਿ ਤਦ ਇਕ ਮੋਟਰਸਾਈਕਲ 'ਤੇ ਦੋ ਹਮਲਾਵਰਾਂ ਨੇ ਉਸ ਦੇ ਬਰਾਬਰ ਮੋਟਰਸਾਈਕਲ ਲਾਉਂਦੇ ਹੋਏ ਉਨ੍ਹਾਂ ਤੇਜ਼ਧਾਰ ਹਥਿਆਰ ਨਾਲ 7 ਹਮਲੇ ਕਰ ਕੇ ਉਸ ਦੀ ਗਰਦਨ ਦੀਆਂ ਹੱਡੀਆਂ ਕੱਟ ਦਿੱਤੀਆਂ। ਹਮਲਾਵਰਾਂ ਨੇ ਉਸ ਨੂੰ ਕੁਝ ਨਹੀਂ ਕਿਹਾ। ਘਟਨਾ ਦੀ ਸੂਚਨਾ ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਦਿੱਤੀ, ਜਿਨ੍ਹਾਂ ਨੇ ਪੁਲਸ ਨੂੰ ਮੌਕੇ 'ਤੇ ਬੁਲਾਇਆ।

ਕੀ ਕਹਿੰਦੇ ਹਨ ਡੀ. ਐੱਸ. ਪੀ.
ਡੀ. ਐੱਸ. ਪੀ. ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਦੇ ਹੱਥ ਸੁਰਾਗ ਲੱਗੇ ਹਨ। ਪੁਲਸ ਇਸ ਸਬੰਧ ਵਿਚ ਵੱਖ-ਵੱਖ ਥਿਊਰੀਆਂ 'ਤੇ ਕੰਮ ਕਰ ਰਹੀ ਹੈ। ਜਲਦੀ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਸਾਥੀ ਜਗਜੀਤ ਸਿੰਘ ਅਜੇ ਵੀ ਸਦਮੇ ਵਿਚ ਹੈ। ਕੁਝ ਸਮੇਂ ਬਾਅਦ ਫਿਰ ਉਸ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ।

KamalJeet Singh

This news is Content Editor KamalJeet Singh