ਸੁਖਨਾ ਝੀਲ ’ਚ ਸ਼ੱਕੀ ਹਾਲਾਤ ’ਚ ਮਿਲੀਆਂ ਮਰੀਆਂ ਹੋਈਆਂ ਮੱਛੀਆਂ

02/27/2024 2:42:14 PM

ਚੰਡੀਗੜ੍ਹ (ਹਾਂਡਾ) : ਸੁਖਨਾ ਝੀਲ ’ਚ ਸ਼ੱਕੀ ਹਾਲਾਤ ’ਚ ਮੱਛੀਆਂ ਮਰੀਆਂ ਪਾਈਆਂ ਗਈਆਂ ਹਨ, ਜਿਨ੍ਹਾਂ ਦੇ ਸੈਂਪਲ ਲੈ ਕੇ ਲੈਬਾਰਟਰੀ ’ਚ ਭੇਜ ਦਿੱਤੇ ਗਏ ਹਨ। ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਮੱਛੀਆਂ ਦੀ ਮੌਤ ਦਾ ਕਾਰਨ ਕੀ ਹੈ। ਸਾਰੀਆਂ ਮਰੀਆਂ ਮੱਛੀਆਂ ਰੈਗੂਲੇਟਰੀ ਐਂਡ ਦੇ ਨੇੜੇ ਪਾਈਆਂ ਗਈਆਂ ਹਨ, ਜਿਸ ਦੀ ਪੁਸ਼ਟੀ ਪਸ਼ੂ ਅਤੇ ਮੱਛੀ ਪਾਲਣ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਡਾ. ਕੰਵਲਜੀਤ ਸਿੰਘ ਨੇ ਵੀ ਕੀਤੀ ਹੈ।

ਅਧਿਕਾਰੀ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਨ ਕਿ ਕੀ ਇਹ ਮੱਛੀਆਂ ਸੁਖਨਾ ਦੀਆਂ ਹਨ ਜਾਂ ਬਾਹਰੋਂ ਇੱਥੇ ਲਿਆਂਦੀਆਂ ਗਈਆਂ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਰਾਤ ਸਮੇਂ ਕੁੱਝ ਸ਼ਰਾਰਤੀ ਅਨਸਰਾਂ ਨੇ ਬਾਹਰੋਂ ਲਿਆਂਦੀਆਂ ਮੱਛੀਆਂ ਨੂੰ ਪਾਣੀ ਵਿਚ ਸੁੱਟ ਦਿੱਤਾ, ਜੋ ਕਿ ਅੱਤ ਦੀ ਠੰਡ ਕਾਰਨ ਮਰ ਗਈਆਂ ਹੋਣਗੀਆਂ। ਮੱਛੀ ਪਾਲਣ ਵਿਭਾਗ ਇਸ ਪੂਰੇ ਮਾਮਲੇ ’ਤੇ ਨਜ਼ਰ ਰੱਖ ਰਿਹਾ ਹੈ। ਜਦੋਂ ਤੋਂ ਇਹ ਮੱਛੀਆਂ ਪਾਈਆਂ ਗਈਆਂ ਹਨ, ਦੇਰ ਸ਼ਾਮ ਤੱਕ ਕੋਈ ਹੋਰ ਮਰੀ ਹੋਈ ਮੱਛੀ ਨਹੀਂ ਮਿਲੀ ਹੈ, ਜਿਸ ਤੋਂ ਬਾਅਦ ਵਿਭਾਗ ਨੇ ਫਿਲਹਾਲ ਮੱਛੀਆਂ ਵਿਚ ਕੋਈ ਬਿਮਾਰੀ ਫੈਲਣ ਤੋਂ ਇਨਕਾਰ ਕੀਤਾ ਹੈ।

ਡਾ.ਕੰਵਲਜੀਤ ਸਿੰਘ ਅਨੁਸਾਰ 7 ਮਰੀਆਂ ਹੋਈਆਂ ਮੱਛੀਆਂ ਦੇ ਸੈਂਪਲ ਜਾਂਚ ਲਈ ਪੰਜਾਬ ਯੂਨੀਵਰਸਿਟੀ ਦੇ ਜੀਓਲਾਜ਼ੀ ਵਿਭਾਗ ਨੂੰ ਭੇਜੇ ਗਏ ਹਨ, ਜਿੱਥੋਂ 2 ਦਿਨਾਂ ਦੇ ਅੰਦਰ ਰਿਪੋਰਟ ਆਉਣ ਦੀ ਸੰਭਾਵਨਾ ਹੈ, ਜਿਸ ’ਚ ਇਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਅਧਿਕਾਰੀਆਂ ਨੇ ਦੋ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦੀਆਂ ਮੱਛੀਆਂ ਮਰੀਆਂ ਮਿਲੀਆਂ ਸਨ, ਇਸ ਲਈ ਕਿਸੇ ਵੀ ਤਰ੍ਹਾਂ ਘਟਨਾ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕੇਗਾ।
 

Babita

This news is Content Editor Babita