''ਵੀਰੇ ਉੱਠ, ਤੈਨੂੰ ਸਾਰਾ ਪਿੰਡ ਦੇਖਦਾ ਪਿਆ'': ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸ਼ਹੀਦ ਜਸਪ੍ਰੀਤ ਦਾ ਅੰਤਮ ਸੰਸਕਾਰ

07/19/2017 8:44:23 PM

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ, ਕਮਲ ਭਿੰਡਰ)— ਬੀਤੇ ਕੱਲ੍ਹ ਭਾਰਤ-ਪਾਕਿਸਤਾਨ ਸੀਮਾ ਉੱਪਰ ਨੌਸ਼ਹਿਰਾ ਸੈਕਟਰ ਨਜ਼ਦੀਕ ਪਾਕਿਸਤਾਨੀ ਦਹਿਸ਼ਤਗਰਦਾਂ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਮੱਲੀਆ ਦੇ ਜਸਪ੍ਰੀਤ ਸਿੰਘ ਦਾ ਅੰਤਮ ਸੰਸਕਾਰ ਅੱਜ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਰਾਜਪੁਤਾਨਾ ਰਾਈਫਲ ਦੇ 11 ਜਵਾਨਾਂ ਦੀ ਟੁੱਕੜੀ ਵੱਲੋਂ ਹਵਾਈ ਫਾਇਰ ਕਰਕੇ ਅਤੇ ਹਥਿਆਰ ਪੁੱਠੇ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ। ਸ਼ਹੀਦ ਦੀ ਅੰਤਮ ਯਾਤਰਾ ਵਿਚ ਉਸ ਦੇ ਪਿੰਡ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਕ ਵੱਡਾ ਕਾਫਲਾ ਸ਼ਮਸ਼ਾਨਘਾਟ ਤੱਕ ਸ਼ਹੀਦ ਦੀ ਅਰਥੀ ਦੇ ਪਿੱਛੇ-ਪਿੱਛੇ ਚੱਲਿਆ। ਇਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਾਮਲ ਸਨ। ਪਰਿਵਾਰ ਦਾ ਵਿਰਲਾਪ ਹਰ ਕਿਸੇ ਦਾ ਦਿਲ ਚੀਰ ਰਿਹਾ ਸੀ। ਸ਼ਹੀਦ ਦੀਆਂ ਭੈਣਾਂ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ ਸੀ। ਸ਼ਹੀਦ ਦਾ ਭਰਾ ਵਾਰ-ਵਾਰ ਕਹਿ ਰਿਹਾ ਸੀ— 'ਵੀਰੇ ਉੱਠ, ਤੈਨੂੰ ਸਾਰਾ ਪਿੰਡ ਦੇਖਦਾ ਪਿਆ।' ਇੱਥੇ ਦੱਸ ਦੇਈਏ ਕਿ ਜਸਪ੍ਰੀਤ ਬਚਪਨ ਤੋਂ ਹੀ ਕਹਿੰਦਾ ਹੁੰਦਾ ਸੀ ਕਿ ਉਹ ਵੱਡਾ ਹੋ ਕੇ ਦੇਸ਼ ਲਈ ਸ਼ਹੀਦ ਹੋਵੇਗਾ ਅਤੇ ਆਖਰ ਉਸ ਨੇ ਆਪਣੇ ਕਹੇ ਬੋਲਾਂ ਨੂੰ ਪੁਗਾ ਕੇ ਦਿਖਾ ਦਿੱਤਾ। ਸ਼ਹੀਦ ਦੀ ਚਿਖਾ ਨੂੰ ਬਲਦੀ ਦੇਖ ਕੇ ਉਸ ਦੀ ਮਾਂ ਗਸ਼ ਖਾ-ਖਾ ਕੇ ਡਿੱਗ ਰਹੀ ਸੀ ਤੇ ਭੈਣਾਂ ਨੂੰ ਦੰਦਲਾਂ ਪੈ ਰਹੀਆਂ ਸਨ। ਇਕ ਪਾਸੇ ਖੜ੍ਹਾ ਪਿਤਾ ਆਪਣੇ ਬੁਢਾਪੇ ਦੇ ਸਹਾਰੇ ਨੂੰ ਜਾਂਦੇ ਹੋਏ ਦੇਖ ਕੇ ਅੱਖਾਂ ਨਮ ਕਰੀ ਖੜ੍ਹਾ ਸੀ ਪਰ ਉਸ ਨੂੰ ਆਪਣੇ ਸ਼ਹੀਦ ਪੁੱਤਰ 'ਤੇ ਮਾਣ ਵੀ ਸੀ। 
ਸ਼ਹੀਦ ਜਸਪ੍ਰੀਤ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕਈ ਸਿਆਸੀ ਸ਼ਖਸੀਅਤਾਂ ਉੱਚੇਚੇ ਤੌਰ 'ਤੇ ਪਹੁੰਚੀਆਂ ਹੋਈਆਂ ਸਨ। ਸੁਨੀਲ ਜਾਖੜ ਤੋਂ ਇਲਾਵਾ ਫੌਜ ਵੱਲੋਂ ਲੈਫਟੀਨੈਂਟ ਕਰਨਲ ਰਜਤ ਢਾਕਾ, ਆਪ ਵੱਲੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਅਕਾਲੀ ਦਲ ਵੱਲੋਂ ਬਰਜਿੰਦਰ ਸਿੰਘ ਮੱਖਣ ਬਰਾੜ, ਭਾਜਪਾ ਵੱਲੋਂ ਜ਼ਿਲਾ ਪ੍ਰਧਾਨ ਤਰਲੋਚਨ ਸਿੰਘ ਗਿੱਲ, ਕਾਂਗਰਸ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ, ਡਾ. ਹਰਜੋਤ ਕਮਲ ਵਿਧਾਇਕ ਮੋਗਾ, ਸੁਖਜੀਤ ਸਿੰਘ ਵਿਧਾਇਕ ਧਰਮਕੋਟ, ਜ਼ਿਲਾ ਪ੍ਰਸ਼ਾਸਨ ਵੱਲੋਂ ਡੀ. ਸੀ ਮੋਗਾ ਦਿਲਰਾਜ ਸਿੰਘ, ਪੁਲਸ ਐੱਸ. ਐੱਸ. ਪੀ. ਮੋਗਾ ਰਾਜਦੀਪ ਸਿੰਘ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਹੀਦ ਦੇ ਅੰਤਮ ਸੰਸਕਾਰ ਵਿਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਜਾਖੜ ਨੇ ਸ਼ਹੀਦ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਪੁਲਸ ਵਿਭਾਗ ਵਿਚ ਨੌਕਰੀ ਦੇਣ ਦਾ ਐਲਾਨ ਕੀਤਾ ਸੀ।