ਕਬਰ ''ਚੋਂ ਲਾਸ਼ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜੀ

09/05/2017 3:45:58 AM

ਪੇਕਿਆਂ ਨੇ ਜਤਾਇਆ ਕਤਲ ਦਾ ਸ਼ੱਕ
ਅਮਰਗੜ੍ਹ(ਜੋਸ਼ੀ)-ਖੰਨਾ-ਮਾਲੇਰਕੋਟਲਾ ਸੜਕ 'ਤੇ ਪੈਂਦੇ ਪਿੰਡ ਭੈਣੀ ਕੰਬੋਆਂ ਵਿਖੇ ਲਾਸ਼ ਨੂੰ ਕਬਰ 'ਚੋਂ ਕੱਢ ਕੇ ਪੋਸਟਮਾਰਟਮ ਕਰਵਾਉਣ ਦਾ ਸਮਾਚਾਰ ਮਿਲਿਆ ਹੈ। ਸ਼ੇਰਵਾਨੀ ਕੋਟ ਦੀ ਮ੍ਰਿਤਕਾ ਨਸੀਮ ਭੈਣੀ ਕੰਬੋਆਂ ਵਿਖੇ ਅੱਜ ਤੋਂ ਕਰੀਬ 14 ਸਾਲ ਪਹਿਲਾਂ ਮੁਹੰਮਦ ਸਲੀਮ ਦੇ ਬੇਟੇ ਮੁਹੰਮਦ ਦੀਨ ਨੂੰ ਵਿਆਹੀ ਸੀ। ਉਸ ਦੀ ਇਕ ਬੇਟੀ (13) ਤੇ 2 ਬੇਟੇ ਹਨ। ਅੱਜ ਤੋਂ 19 ਦਿਨ ਪਹਿਲਾਂ ਮ੍ਰਿਤਕਾ ਨਸੀਮ ਨੂੰ ਭੈਣੀ ਕੰਬੋਆਂ ਵਿਖੇ ਦਫਨਾਇਆ ਗਿਆ ਸੀ। ਉਸ ਦੇ ਪੇਕੇ ਪਰਿਵਾਰ ਨੇ ਥਾਣਾ ਅਮਰਗੜ੍ਹ ਵਿਖੇ 24 ਅਗਸਤ ਨੂੰ ਦਰਖਾਸਤ ਦੇ ਕੇ ਕਤਲ ਹੋਣ ਦਾ ਸ਼ੱਕ ਜਤਾਇਆ। ਮ੍ਰਿਤਕਾ ਦੇ ਭਰਾ ਸਾਬਰ ਅਲੀ ਤੇ ਮੁਹੰਮਦ ਹੁਸੈਨ ਨੇ ਦੱਸਿਆ ਕਿ ਨਸੀਮ ਕਾਫੀ ਸਮੇਂ ਤੋਂ ਘਰੇਲੂ ਹਿੰਸਾ ਦਾ ਸ਼ਿਕਾਰ ਸੀ। ਇਸ ਲਈ ਉਨ੍ਹਾਂ ਨੂੰ ਸ਼ੱਕ ਹੈ ਕਿ ਨਸੀਮ ਦਾ ਕਤਲ ਹੋਇਆ ਹੈ। ਥਾਣਾ ਅਮਰਗੜ੍ਹ ਪੁਲਸ ਨੇ ਐੱਸ. ਐੱਚ. ਓ. ਬਲਜੀਤ ਸਿੰਘ ਦੀ ਅਗਵਾਈ ਹੇਠ ਐੱਸ. ਡੀ. ਐੱਮ. ਮਾਲੇਰਕੋਟਲਾ ਵੱਲੋਂ ਮਨਜ਼ੂਰੀ ਲੈ ਕੇ ਦਫਨ ਕੀਤੀ ਲਾਸ਼ ਨੂੰ ਬਾਹਰ ਕੱਢਵਾ ਕੇ ਪੋਸਟਮਾਰਟਮ ਕਰਵਾਇਆ ਗਿਆ।  ਬਲਜੀਤ ਸਿੰਘ ਨੇ ਦੱਸਿਆ ਕਿ ਕੁਰਸੈਦਾਂ ਪਤਨੀ ਸਵ. ਖੁਸ਼ੀ ਮੁਹੰਮਦ ਵਾਸੀ ਸ਼ੇਰਵਾਨੀ ਕੋਟ ਵੱਲੋਂ ਪ੍ਰਾਪਤ ਹੋਈ ਦਰਖਾਸਤ 'ਤੇ ਪੋਸਟਮਾਰਟਮ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਰਿਪੋਰਟ ਆਉਣ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।