''ਨਸ਼ਾ ਛੁ਼ਡਾਊ ਕੇਂਦਰ'' ''ਚ ਅੱਧੀ ਰਾਤੀਂ ਵਾਪਰੀ ਵਾਰਦਾਤ, ਵੱਡਾ ਕਾਰਾ ਕਰ ਗਏ ਸ਼ਾਤਰ ਚੋਰ

08/21/2020 3:34:35 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ-ਸਮਰਾਲਾ ਰੋਡ ’ਤੇ ਨਿੱਜੀ ਤੌਰ ’ਤੇ ਖੁੱਲ੍ਹੇ ਨਸ਼ਾ ਛੁਡਾਓ ਕੇਂਦਰ ’ਚੋਂ ਬੀਤੀ ਰਾਤ ਚੋਰਾਂ ਨੇ 6 ਲੱਖ ਰੁਪਏ ਦੀਆਂ ਦਵਾਈਆਂ ਚੋਰੀ ਕਰ ਲਈਆਂ ਅਤੇ ਸੁਰੱਖਿਆ ਮੁਲਾਜ਼ਮ ਨੂੰ ਬੰਧਕ ਬਣਾ ਹਸਪਤਾਲ ’ਚ ਪਈ 2 ਲੱਖ ਰੁਪਏ ਦੀ ਨਕਦੀ ਵੀ ਲੈ ਗਏ। ਨਵਕਿਰਨ ਨਸ਼ਾ ਛੁਡਾਓ ਕੇਂਦਰ ਦੇ ਮਾਲਕ ਡਾ. ਰਕੇਸ਼ ਕਪੂਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਨੇ ਇਹ ਹਸਪਤਾਲ ਨਸ਼ਾ ਛੁਡਾਉਣ ਲਈ ਖੋਲ੍ਹਿਆ ਹੋਇਆ ਹੈ ਅਤੇ ਅੱਧੀ ਰਾਤ ਸੁਰੱਖਿਆ ਮੁਲਾਜ਼ਮ ਪਿੰਟੂ ਨੇ ਫੋਨ ਕਰਕੇ ਦੱਸਿਆ ਕਿ ਕਰੀਬ 2 ਵਜੇ ਤੋਂ ਬਾਅਦ 3-4 ਵਿਅਕਤੀ ਆਏ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ।

ਸੁਰੱਖਿਆ ਮੁਲਾਜ਼ਮ ਅਨੁਸਾਰ ਇਨ੍ਹਾਂ ਵਿਅਕਤੀਆਂ ਨੇ ਆਉਂਦੇ ਸਾਰ ਉਸ ਉਪਰ ਕੰਬਲ ਪਾ ਚੁੱਪ ਰਹਿਣ ਲਈ ਕਿਹਾ। ਇਹ ਚੋਰ ਹਸਪਤਾਲ 'ਚ ਨਸ਼ਾ ਛੁਡਾਉਣ ਵਾਲੀਆਂ ਕਰੀਬ 19,000 ਗੋਲੀਆਂ ਲੈ ਗਏ ਅਤੇ ਹਸਪਤਾਲ ਮਾਲਕ ਅਨੁਸਾਰ ਇਨ੍ਹਾਂ ਦੀ ਕੀਮਤ ਕਰੀਬ 6 ਲੱਖ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਇਹ ਚੋਰ ਹਸਪਤਾਲ ਦੀ ਅਲਮਾਰੀ ’ਚ ਪਈ 2 ਲੱਖ ਰੁਪਏ ਦੀ ਨਕਦੀ ਵੀ ਉਡਾ ਲੈ ਗਏ। ਡਾ. ਰਕੇਸ਼ ਕਪੂਰ ਨੇ ਦੱਸਿਆ ਕਿ ਹਸਪਤਾਲ ’ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ ਪਰ ਚੋਰ ਜਾਂਦੇ ਹੋਏ ਇਸ ਦਾ ਡੀ. ਵੀ. ਆਰ. ਵੀ ਨਾਲ ਹੀ ਲੈ ਗਏ।

ਨਵਕਿਰਨ ਨਸ਼ਾ ਛੁਡਾਓ ਕੇਂਦਰ ’ਚੋਂ ਦਵਾਈਆਂ ਚੋਰੀ ਹੋਈਆਂ ਹਨ, ਉਹ ਜ਼ਿਆਦਾਤਰ ਨਸ਼ੇੜੀਆਂ ਜਾਂ ਮਾਨਸਿਕ ਤੌਰ ’ਤੇ ਪਰੇਸ਼ਾਨ ਮਰੀਜ਼ਾਂ ਦੇ ਕੰਮ ਆਉਂਦੀਆਂ ਹਨ। ਨਸ਼ਾ ਛੁਡਾਉਣ ਵਾਲੀ ਚੋਰੀ ਹੋਈ ਇਹ ਦਵਾਈ ਆਮ ਮੈਡੀਕਲ ਸਟੋਰਾਂ ਤੇ ਹਸਪਤਾਲਾਂ 'ਚ ਮੁਕੰਮਲ ਤੌਰ ’ਤੇ ਬੰਦ ਹੈ ਅਤੇ ਇਹ ਸਿਰਫ਼ ਸਰਕਾਰੀ ਹਸਪਤਾਲਾਂ ਅਤੇ ਮਾਨਤਾ ਪ੍ਰਾਪਤ ਨਸ਼ਾ ਛੁਡਾਓ ਕੇਂਦਰ ’ਤੇ ਹੀ ਉਪਲੱਬਧ ਹੈ।

ਇਨ੍ਹਾਂ ਦਵਾਈਆਂ ਦਾ ਚੋਰੀ ਹੋ ਕੇ ਆਮ ਲੋਕਾਂ 'ਚ ਚਲੇ ਜਾਣਾ ਬਹੁਤ ਹੀ ਘਾਤਕ ਸਾਬਿਤ ਹੋ ਸਕਦਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਰਾਓ ਵਰਿੰਦਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਹਸਪਤਾਲ ਦਾ ਜਾਇਜ਼ਾ ਵੀ ਲਿਆ। ਐਸ. ਐਚ. ਓ. ਅਨੁਸਾਰ ਇਸ ਸਬੰਧੀ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਚੋਰੀ ਦੀ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।  

Babita

This news is Content Editor Babita