ਨਸ਼ਾ ਛਡਾਊ ਕੇਂਦਰ ’ਚ ਭੱਜੇ ਤੀਜੇ ਨੌਜਵਾਨ ਦੀ ਲਾਸ਼ ਵੱਡੀ ਨਦੀ ’ਚੋਂ ਹੋਈ ਬਰਾਮਦ

10/11/2023 6:14:08 PM

ਪਟਿਆਲਾ (ਬਲਜਿੰਦਰ) : ਪਟਿਆਲਾ ਦੀ ਵੱਡੀ ਨਦੀ ’ਚੋਂ ਮਿਲੀ ਤੀਜੀ ਲਾਸ਼ ਵੀ ਨਸ਼ਾ ਛੁਡਾਊ ਕੇਂਦਰ ਤੋਂ ਭੱਜੇ ਨੌਜਵਾਨ ਦੀ ਹੀ ਨਿਕਲੀ, ਜਿਸਦੀ ਪਛਾਣ ਨਿਤੀਨ ਪੁੱਤਰ ਸੰਜੀਵ ਕੁਮਾਰ ਵਾਸੀ ਤ੍ਰਿਪੜੀ ਵਜੋਂ ਹੋਈ ਹੈ, ਜਿਸਦਾ ਪੋਸਟਮਾਰਟਮ ਤੋਂ ਬਾਅਦ ਅੱਜ ਪਰਿਵਾਰ ਵਲੋਂ ਸਸਕਾਰ ਕਰ ਦਿੱਤਾ ਗਿਆ ਹੈ। ਇੱਧਰ ਥਾਣਾ ਕੋਤਵਾਲੀ ਦੀ ਪੁਲਸ ਵਲੋਂ ਜਿਹੜੇ ਚਾਰ ਵਿਅਕਤੀਆਂ ਨੂੰ ਇਸ ਕੇਸ ’ਚ ਨਾਮਜ਼ਦ ਕੀਤਾ ਗਿਆ ਹੈ ਦੇ ਘਰਾਂ ’ਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ। ਸ਼ਾਮ ਤੱਕ ਚਾਰਾਂ ਵਿਚੋਂ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਸੀ। 

ਇਥੇ ਦੱਸਣਯੋਗ ਹੈ ਕਿ ਸੋਮਵਾਰ ਦੀ ਸ਼ਾਮ ਨੂੰ ਪੰਜ ਵਿਅਕਤੀ ਅੰਬਾਲਾ ਦੇ ਨਜ਼ਦੀਕ ਨਸ਼ਾ ਛੁਡਾਊ ਕੇਂਦਰ ਵਿਚੋਂ ਫਰਾਰ ਹੋ ਕੇ ਪਟਿਆਲਾ ਆ ਗਏ ਸਨ। ਇਥੇ ਜਦੋਂ ਨਸ਼ਾ ਛੁਡਾਊ ਕੇਂਦਰ ਦੇ ਮਾਲਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਡੀ ਨਦੀ ’ਚ ਛਾਲ ਮਾਰ ਕੇ ਦੂਜੇ ਪਾਸੇ ਪਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਹਾਦਸੇ ਵਿਚ ਦੋ ਨੂੰ ਮੌਕੇ ਤੋਂ ਕੱਢ ਲਿਆ ਗਿਆ ਸੀ ਅਤੇ ਤਿੰਨ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿਚੋਂ ਦੋ ਦੀ ਪਛਾਣ ਧੀਰੂ ਨਗਰ ਦੇ ਨੌਜਵਾਨਾਂ ਵਜੋਂ ਹੋਈ ਜਦੋਂ ਕਿ ਤੀਸਰੇ ਦੀ ਪਛਾਣ ਤ੍ਰਿਪੜੀ ਏਰੀਆ ਵਜੋਂ ਹੋਈ।

Gurminder Singh

This news is Content Editor Gurminder Singh