ਖ਼ਤਰੇ ਦੇ ਨਿਸ਼ਾਨ 'ਤੇ ਘੱਗਰ, ਡੀ. ਸੀ. ਸੰਗਰੂਰ ਨੇ ਫੌਜ ਤੋਂ ਮੰਗੀ ਮਦਦ

07/18/2019 5:34:23 PM

ਸੰਗਰੂਰ (ਯਾਦਵਿੰਦਰ) : ਪਾਣੀ ਦਾ ਪੱਧਰ ਵੱਧ ਜਾਣ ਕਾਰਨ ਸੰਗਰੂਰ ਦੇ ਮਰਕੋਡ ਸਾਹਿਬ ਨੇੜੇ ਘੱਗਰ ਨਦੀ ਦਾ ਬੰਨ੍ਹ ਟੁੱਟ ਗਿਆ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ 'ਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਪਿਛਲੇ ਦਿਨਾਂ ਤੋਂ ਸੂਬੇ ਅੰਦਰ ਪੈ ਰਹੀ ਭਾਰੀ ਬਰਸਾਤ ਕਾਰਨ ਜ਼ਿਲਾ ਸੰਗਰੂਰ ਦੇ ਖਨੋਰੀ ਅਤੇ ਮੂਣਕ ਦੇ ਇਲਾਕਿਆਂ 'ਚੋਂ ਲੰਘਣ ਵਾਲੇ ਘੱਗਰ ਦਰਿਆ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ 'ਤੇ ਪੁੱਜਣ ਨਾਲ ਜ਼ਿਲੇ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਅਗਾਉਂ ਪ੍ਰਬੰਧ ਕਰਦਿਆਂ ਫੌਜ ਤੋਂ ਮਦਦ ਮੰਗੀ ਹੈ। ਦੱਸਣਯੋਗ ਹੈ ਜ਼ਿਲ੍ਹਾ ਸੰਗਰੂਰ ਅੰਦਰ ਘੱਗਰ ਨਦੀ ਸਭ ਤੋਂ ਵੱਧ ਮਾਰ ਪਿੰਡ ਮਕਰੋੜ ਤੋਂ ਲੈ ਕੇ ਪਿੰਡ ਕੜੈਲ ਤੱਕ ਦੇ 17 ਕਿਲੋਮੀਟਰ ਦੇ ਘੇਰੇ 'ਚੋਂ ਲੰਘਦਾ ਹੈ ਅਤੇ ਕਾਫੀ ਤਬਾਹੀ ਮਚਾਉਂਦਾ ਹੈ। ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਰੀ ਬਾਰਿਸ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸੰਭਾਵੀ ਖ਼ਤਰਿਆਂ ਨਾਲ ਨਿਪਟਣ ਲਈ ਪੁਖਤਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਸਨ। ਸੰਗਰੂਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਇਕ ਪੱਤਰ ਭੇਜ ਕੇ ਕਮਾਂਡੈਂਟ 7 ਬਟਾਲੀਅਨ ਐੱਨ. ਡੀ. ਆਰ. ਐੱਫ. ਬਠਿੰਡਾ ਅਤੇ ਕਮਾਂਡੈਂਟ 80 ਐੱਸ. ਡੀ. ਆਰ. ਐਫ.ਜਲੰਧਰ ਤੋਂ ਹੜਾਂ ਦੇ ਸੰਦਰਭ 'ਚ ਮਦਦ ਮੰਗੀ ਗਈ ਹੈ। ਬੀਤੇ ਦਿਨੀਂ ਡਿਪਟੀ ਕਮਿਸ਼ਨਰ ਥੋਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਘੱਗਰ ਦਰਿਆ ਨੇੜਲੀਆਂ ਸੰਵੇਦਨਸ਼ੀਲ ਥਾਵਾਂ ਦਾ ਦੌਰਾ ਕੀਤਾ ਸੀ। 

ਦੱਸਣਯੋਗ ਹੈ ਕਿ ਜੇਕਰ ਟੁੱਟਿਆ ਹੋਇਆ ਇਹ ਬੰਨ੍ਹ ਜਲਦ ਨਹੀਂ ਭਰਿਆ ਗਿਆ ਤਾਂ ਆਲੇ-ਦੁਆਲੇ ਦੇ ਪਿੰਡਾਂ 'ਚ ਹੜ੍ਹ ਆ ਜਾਵੇਗਾ, ਜਿਸ ਕਾਰਨ ਲੋਕ ਆਪੋ-ਆਪਣੇ ਘਰਾਂ 'ਚ ਫੱਸ ਸਕਦੇ ਹਨ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਬੰਨ੍ਹ ਟੁੱਟ ਜਾਣ ਕਾਰਨ ਉਨ੍ਹਾਂ ਦੀ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ, ਜਿਸ ਕਾਰਨ ਉਹ ਇਸ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
 

Anuradha

This news is Content Editor Anuradha