ਪੁੱਤ ਪਰਦੇਸੀ ਹੋਣ ਕਾਰਨ ਨੂੰਹਾਂ ਨੂੰ ਨਾ ਰਿਹਾ ਕੋਈ ਡਰ, ਜਦੋਂ ਸੱਸ ਅੱਗੇ ਖੁੱਲ੍ਹੀਆਂ ਗੰਦੀਆਂ ਕਰੂਤਤਾਂ ਤਾਂ...

02/09/2017 2:51:01 PM

ਭੁਲੱਥ (ਰਜਿੰਦਰ) : ਪਹਿਲਾਂ ਤਾਂ ਕੁੜੀ ਵਾਲੇ ਰੱਬ ਅੱਗੇ ਦੁਆਵਾਂ ਕਰਦੇ ਹੁੰਦੇ ਸੀ ਕਿ ਰੱਬਾ ਸਾਨੂੰ ਜਵਾਈ ਚੰਗਾ ਟਕਰਾਈਂ ਪਰ ਹੁਣ ਅਜਿਹਾ ਸਮਾਂ ਆ ਗਿਆ ਹੈ ਕਿ ਮੁੰਡੇ ਵਾਲੇ ਵੀ ਅਕਸਰ ਕਹਿੰਦੇ ਨਜ਼ਰ ਆਉਂਦੇ ਹਨ ਕਿ ਉਨ੍ਹਾਂ ਦੇ ਘਰ ਚੰਗੀ ਅਤੇ ਸੰਸਕਾਰੀ ਨੂੰਹ ਦਾ ਪੈਰ ਪਵੇ ਤਾਂ ਹੀ ਉਨ੍ਹਾਂ ਦੀ ਜ਼ਿੰਦਗੀ ਸੌਖੀ ਹੈ। ਜਿਵੇਂ ਜਵਾਈ ਮਾੜਾ ਮਿਲ ਜਾਵੇ ਤਾਂ ਮਾਪਿਆਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ, ਉਂਝ ਹੀ ਜੇਕਰ ਮਾੜੀਆਂ ਨੂੰਹਾਂ ਮਿਲ ਜਾਣ ਤਾਂ ਸਹੁਰਿਆਂ ਦੇ ਜਿਊਣ ਦਾ ਕੋਈ ਹੱਜ ਨਹੀਂ ਰਹਿੰਦਾ। ਅਜਿਹਾ ਹੀ ਮਾਮਲਾ ਕਪੂਰਥਲਾ ਦੇ ਹਲਕਾ ਭੁਲੱਥ ''ਚ ਸਾਹਮਣੇ ਆਇਆ ਹੈ, ਜਿੱਥੇ ਨੂੰਹਾਂ ਨੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਆਪਣੇ ਆਸ਼ਕਾਂ ਨਾਲ ਮਿਲ ਕੇ ਸੱਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਡੀ. ਐੱਸ. ਪੀ. ਭੁਲੱਥ ਡਾ. ਨਵਨੀਤ ਸਿੰਘ ਮਾਹਿਲ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਮਕਸੂਦਪੁਰ, ਜ਼ਿਲਾ ਹੁਸ਼ਿਆਰਪੁਰ ਨੇ ਪੁਲਸ ਕੋਲ ਬਿਆਨ ਦਰਜ ਕਰਾਏ ਸਨ ਕਿ ਉਨ੍ਹਾਂ ਦੀ ਭੈਣ ਸਵਰਾਜ ਕੌਰ ਵਾਸੀ ਅਕਬਰਪੁਰ ਦਾ ਕਤਲ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਸਵਰਾਜ ਕੌਰ ਦਾ ਕਤਲ ਉਸ ਦੀਆਂ ਨੂੰਹਾਂ ਰਜਿੰਦਰ ਕੌਰ ਤੇ ਰਾਜਦੀਪ ਕੌਰ ਨੇ ਕੀਤਾ ਹੈ ਕਿਉਂਕਿ ਦੋਹਾਂ ਦਾ ਚਾਲ-ਚਲਣ ਠੀਕ ਨਹੀਂ ਸੀ ਅਤੇ ਸਵਰਾਜ ਕੌਰ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਸੀ। ਇਸ ਤੋਂ ਬਾਅਦ ਪੁਲਸ ਨੇ ਸਵਰਾਜ ਕੌਰ ਦੀ ਲਾਸ਼ ਨੂੰ ਕਬਜ਼ੇ ''ਚ ਲੈ ਕੇ ਦੋਹਾਂ ਨੂੰਹਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ।
ਨੂੰਹਾਂ ਨੇ ਬਣਾਈ ਝੂਠੀ ਕਹਾਣੀ
ਪੁੱਛਗਿੱਛ ਦੌਰਾਨ ਦੋਵਾਂ ਨੇ ਆਪਣੀ ਬਣਾਈ ਕਹਾਣੀ ਦੱਸੀ ਕਿ ਰਾਤ ਸਮੇਂ 1 ਵਜੇ ਉਨ੍ਹਾਂ ਦੇ ਘਰ 12 ਵਿਅਕਤੀ ਆਏ ਸਨ, ਜਿਨ੍ਹਾਂ ਨੇ ਉਨ੍ਹਾਂ ਸੱਸ ਨੂੰ ਮਾਰ ਕੇ ਉਨ੍ਹਾਂ ਪਾਸੋਂ ਕਰੀਬ 6-7 ਤੋਲੇ ਸੋਨੇ ਦੇ ਗਹਿਣੇ ਲੁੱਟ ਲਏ ਤੇ ਫਿਰ ਦੋਹਾਂ ਨੂੰ ਜ਼ਖਮੀ ਕਰ ਗਏ। ਡੀ. ਐੱਸ. ਪੀ. ਨੇ ਦੱਸਿਆ ਕਿ ਦੋਵੇਂ ਨੂੰਹਾਂ ਨੇ ਪੁਲਸ ਨੂੰ ਧੋਖਾ ਦੇਣ ਲਈ ਆਪਣੀਆਂ ਬਾਹਾਂ ''ਤੇ ਚਾਕੂ ਨਾਲ ਮਾਮੂਲੀ ਖਰੋਚਾਂ ਮਾਰ ਲਈਆਂ ਸਨ ਪਰ ਇਸ ਸਾਰੇ ਮਾਮਲੇ ''ਚ ਪੁਲਸ ਨੂੰ ਸ਼ੱਕ ਲੱਗਾ ਤੇ ਮ੍ਰਿਤਕ ਸਵਰਾਜ ਕੌਰ ਦੀਆਂ ਦੋਵੇਂ ਨੂੰਹਾਂ ਕੋਲੋਂ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕਾ ਦੀ ਵੱਡੀ ਨੂੰਹ ਰਜਿੰਦਰ ਕੌਰ ਦੇ ਪਿਛਲੇ ਕਰੀਬ ਚਾਰ ਸਾਲਾਂ ਤੋਂ ਅਚਨ ਕੁਮਾਰ ਉਰਫ ਲਵਲੀ ਪੁੱਤਰ ਕੇਵਲ ਸਿੰਘ ਵਾਸੀ ਅਕਬਰਪੁਰ ਨਾਲ ਨਾਜਾਇਜ਼ ਸੰਬੰਧ ਚੱਲ ਰਹੇ ਹਨ, ਜਦਕਿ ਛੋਟੀ ਨੂੰਹ ਰਾਜਦੀਪ ਕੌਰ ਦੇ ਨਾਜਾਇਜ਼ ਸੰਬੰਧ ਪਿੰਡ ਜਲਾਲਪੁਰ ਜ਼ਿਲਾ ਹੁਸ਼ਿਆਰਪੁਰ ਦੇ ਨੌਜਵਾਨ ਨਾਲ ਸਨ, ਜੋ ਵਿਦੇਸ਼ ਜਾ ਚੁੱਕਾ ਹੈ।
ਇੰਝ ਕੀਤਾ ਸੱਸ ਦਾ ਕਤਲ
ਡੀ. ਐੱਸ. ਪੀ. ਭੁਲੱਥ ਨੇ ਦੱਸਿਆ ਕਿ 2 ਫਰਵਰੀ ਦੀ ਰਾਤ ਨੂੰ ਰਜਿੰਦਰ ਕੌਰ ਤੇ ਰਾਜਦੀਪ ਕੌਰ ਨੇ ਅਚਨ ਕੁਮਾਰ ਤੇ ਉਸ ਦੇ ਦੋਸਤ ਗੋਪੀ ਪੁੱਤਰ ਬੱਗਾ ਵਾਸੀ ਅਕਬਰਪੁਰ ਨਾਲ ਰਾਤ ਸਮੇਂ ਪਲਾਨ ਤਿਆਰ ਕੀਤਾ ਕਿ 4 ਫਰਵਰੀ ਨੂੰ ਵੋਟਾਂ ਪੈਣੀਆਂ ਹਨ, ਇਸ ਲਈ 3 ਤੇ 4 ਫਰਵਰੀ ਦੀ ਦਰਮਿਆਨੀ ਰਾਤ ਨੂੰ ਸਵਰਾਜ ਕੌਰ ਦਾ ਖਾਤਮਾ ਕਰ ਦਿੱਤਾ ਜਾਵੇ, ਜਿਸ ਉਪਰੰਤ 3 ਫਰਵਰੀ ਦੀ ਰਾਤ ਰਜਿੰਦਰ ਕੌਰ ਤੇ ਰਾਜਦੀਪ ਕੌਰ ਨੇ ਆਪਣੀ ਸੱਸ ਦੀ ਸਬਜ਼ੀ ''ਚ ਨੀਂਦ ਦੀਆਂ ਗੋਲੀਆਂ ਪਾ ਦਿੱਤੀਆਂ ਤੇ ਉਹ ਗੂੜ੍ਹੀ ਨੀਂਦ ''ਚ ਸੌਂ ਗਈ ਤੇ ਇਨ੍ਹਾਂ ਦੋਵੇਂ ਨੂੰਹਾਂ ਨੇ ਫੋਨ ਕਰਕੇ ਅਚਨ ਨੂੰ ਬੁਲਾਇਆ, ਜੋ ਆਪਣੇ ਦੋਸਤ ਗੋਪੀ ਪੁੱਤਰ ਬੱਗਾ ਵਾਸੀ ਅਕਬਰਪੁਰ ਨੂੰ ਲੈ ਕੇ ਉਨ੍ਹਾਂ ਦੇ ਘਰ ਪੁੱਜਾ ਤੇ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ।
ਵਿਦੇਸ਼ ''ਚ ਹਨ ਦੋਹਾਂ ਦੇ ਪਤੀ
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਬਜ਼ੁਰਗ ਔਰਤ ਸਵਰਾਜ ਕੌਰ ਦੇ ਦੋਵੇਂ ਬੇਟੇ ਵਿਦੇਸ਼ ''ਚ ਹਨ, ਜਿਨ੍ਹਾਂ ''ਚੋਂ ਰਜਿੰਦਰ ਕੌਰ ਦਾ ਪਤੀ ਕਮਲਜੀਤ ਸਿੰਘ ਇੰਗਲੈਂਡ ਅਤੇ ਰਾਜਦੀਪ ਕੌਰ ਦਾ ਪਤੀ ਸੰਦੀਪ ਸਿੰਘ ਫਰਾਂਸ ''ਚ ਹੈ, ਜਿਸ ਕਾਰਨ ਦੋਵੇਂ ਨੂੰਹਾਂ ਆਪਣੇ ਤਿੰਨ ਬੱਚਿਆਂ ਸਮੇਤ ਸੱਸ ਸਵਰਾਜ ਕੌਰ ਨਾਲ ਰਹਿੰਦੀਆਂ ਸਨ।
ਦੋਹਾਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
ਸਵਰਾਜ ਕੌਰ ਦਾ ਕਤਲ ਕਰਨ ਉਪਰੰਤ ਬਣਾਈ ਸਕੀਮ ਮੁਤਾਬਿਕ ਦੋਵੇਂ ਨੂੰਹਾਂ ਨੇ ਝੂਠੀ ਕਹਾਣੀ ਬਣਾਈ ਪਰ ਉਨ੍ਹਾਂ ਦਾ ਇਹ ਡਰਾਮਾ ਜ਼ਿਆਦਾ ਦੇਰ ਤੱਕ ਚੱਲ ਨਹੀਂ ਸਕਿਆ ਅਤੇ ਪੁਲਸ ਨੇ ਜਾਂਚ ਦੌਰਾਨ ਇਸ ਕਹਾਣੀ ਦਾ ਪਰਦਾਫਾਸ਼ ਕਰ ਦਿੱਤਾ। ਡੀ. ਐੱਸ. ਪੀ. ਡਾ. ਮਾਹਿਲ ਨੇ ਦੱਸਿਆ ਕਿ ਇਸ ਮਾਮਲੇ ''ਚ ਮ੍ਰਿਤਕਾ ਦੀਆਂ ਨੂੰਹਾਂ ਰਜਿੰਦਰ ਕੌਰ ਤੇ ਰਾਜਦੀਪ ਕੌਰ ਤੋਂ ਇਲਾਵਾ ਅਚਨ ਕੁਮਾਰ ਤੇ ਗੋਪੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਆਈਫੋਨ ਤੇ ਗੋਪੀ ਨੂੰ ਕਤਲ ''ਚ ਮਦਦ ਬਦਲੇ ਦਿੱਤੇ ਸੋਨੇ ਦੇ ਗਹਿਣੇ ਬਰਾਮਦ ਕਰ ਲਏ ਗਏ ਹਨ। ਇਸ ਤੋਂ ਇਲਾਵਾ ਕਤਲ ਸਮੇਂ ਵਰਤਿਆ ਸਰਹਾਣਾ, ਚੁੰਨੀ ਤੇ ਰਾਡ ਵੀ ਬਰਾਮਦ ਕੀਤਾ ਜਾ ਚੁੱਕਾ ਹੈ।

Babita Marhas

This news is News Editor Babita Marhas