ਸਵੇਰੇ ਨਿਗਮ ਨੇ ਦਾਣਾ-ਪਾਣੀ ਢਾਬਾ ਕੀਤਾ ਸੀਲ, ਸ਼ਾਮ ਨੂੰ ਮੇਜਰ ਸਿੰਘ ਪੁੱਜੇ ਮੁੱਖ ਮੰਤਰੀ ਦੇ ਦਰਬਾਰ

11/12/2021 11:37:12 AM

ਜਲੰਧਰ (ਖੁਰਾਣਾ)– ਕਾਂਗਰਸੀ ਆਗੂ ਮੇਜਰ ਸਿੰਘ ਅਤੇ ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਵਿਚਕਾਰ ਛਿੜੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਸਿਮਰਨਜੀਤ ਵੱਲੋਂ ਹਾਈ ਕੋਰਟ ਵਿਚ ਦਿੱਤੀਆਂ ਗਈਆਂ ਸ਼ਿਕਾਇਤਾਂ ਦੇ ਆਧਾਰ ’ਤੇ ਨਿਗਮ ਪ੍ਰਸ਼ਾਸਨ ਨੇ ਬੀਤੇ ਦਿਨ ਸਵੇਰੇ 5 ਵਜੇ ਦੇ ਲਗਭਗ ਕਾਂਗਰਸੀ ਆਗੂ ਮੇਜਰ ਸਿੰਘ ਦੇ ਮਾਡਲ ਹਾਊਸ ਚੌਂਕ ਸਥਿਤ ਦਾਣਾ-ਪਾਣੀ ਢਾਬੇ ਨੂੰ ਸੀਲ ਕਰ ਦਿੱਤਾ। ਨਿਗਮ ਦੀ ਟੀਮ ਨੇ ਬੇਸਮੈਂਟ ਦੀ ਉਪਰਲੀ ਅਤੇ ਦੂਜੀ ਮੰਜ਼ਿਲ ਨੂੰ ਸੀਲ ਲਾ ਦਿੱਤੀ।

ਇਹ ਵੀ ਪੜ੍ਹੋ:  ਦਸੂਹਾ 'ਚ ਵੱਡੀ ਵਾਰਦਾਤ, ਪੁਜਾਰੀ ਨੇ ਰੋਟੀ ਦੇਣ ਤੋਂ ਕੀਤਾ ਇਨਕਾਰ ਤਾਂ ਨੌਜਵਾਨ ਨੇ ਕਰ 'ਤਾ ਕਤਲ

ਨਿਗਮ ਦੀ ਇਸ ਕਾਰਵਾਈ ਤੋਂ ਬਾਅਦ ਸ਼ਹਿਰ ਦੀ ਕਾਂਗਰਸ ਦੀ ਰਾਜਨੀਤੀ ਵਿਚ ਗਰਮਾਹਟ ਆ ਗਈ ਅਤੇ ਖਾਦੀ ਬੋਰਡ ਦੇ ਡਾਇਰੈਕਟਰ ਮੇਜਰ ਸਿੰਘ ਲਗਭਗ ਅੱਧੀ ਦਰਜਨ ਕਾਂਗਰਸੀ ਕੌਂਸਲਰਾਂ ਅਤੇ ਦਰਜਨ ਦੇ ਲਗਭਗ ਆਗੂਆਂ ਨੂੰ ਨਾਲ ਲੈ ਕੇ ਚੰਡੀਗੜ੍ਹ ਨੂੰ ਰਵਾਨਾ ਹੋ ਗਏ, ਜਿੱਥੇ ਸ਼ਾਮੀਂ ਉਨ੍ਹਾਂ ਮੁੱਖ ਮੰਤਰੀ ਦਫ਼ਤਰ ਵਿਚ ਆਪਣੀ ਲਿਖਤੀ ਸ਼ਿਕਾਇਤ ਦਿੱਤੀ। ਇਸ ਮੌਕੇ ਮੇਜਰ ਸਿੰਘ ਦੇ ਨਾਲ ਚੰਡੀਗੜ੍ਹ ਜਾਣ ਵਾਲਿਆਂ ਵਿਚ ਕਾਂਗਰਸੀ ਕੌਂਸਲਰ ਜਗਦੀਸ਼ ਸਮਰਾਏ, ਤਰਸੇਮ ਲਖੋਤਰਾ, ਹਰਜਿੰਦਰ ਲਾਡਾ, ਮਹਿੰਦਰ ਸਿੰਘ ਗੁੱਲੂ, ਬਲਬੀਰ ਅੰਗੁਰਾਲ, ਹਰੀਸ਼ ਢੱਲ ਆਦਿ ਸ਼ਾਮਲ ਸਨ। ਇਨ੍ਹਾਂ ਕਾਂਗਰਸੀ ਆਗੂਆਂ ਦਾ ਪ੍ਰੋਗਰਾਮ ਚੰਡੀਗੜ੍ਹ ਵਿਚ ਵਿਧਾਇਕ ਸੁਸ਼ੀਲ ਰਿੰਕੂ ਦੀ ਮਾਰਫ਼ਤ ਮੁੱਖ ਮੰਤਰੀ ਚੰਨੀ ਨੂੰ ਮਿਲਣ ਦਾ ਸੀ ਪਰ ਉਥੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਚੱਲ ਰਿਹਾ ਸੀ, ਜਿਹੜਾ ਦੇਰ ਸ਼ਾਮ ਤੱਕ ਚੱਲਿਆ ਅਤੇ ਕਾਂਗਰਸੀ ਆਗੂਆਂ ਦੀ ਮੁੱਖ ਮੰਤਰੀ ਨਾਲ ਗੱਲ ਨਹੀਂ ਹੋ ਸਕੀ।

ਇਹ ਵੀ ਪੜ੍ਹੋ: ਕਪੂਰਥਲਾ ਦੇ ਪਿੰਡ ਸੁੰਨੜਵਾਲ ਦੇ ਨੌਜਵਾਨ ਦੀ ਮਨੀਲਾ 'ਚ ਮੌਤ, ਪਰਿਵਾਰ ਹੋਇਆ ਹਾਲੋ-ਬੇਹਾਲ

ਸ਼ਾਮੀਂ 6 ਵਜੇ ਦੇ ਲਗਭਗ ਮੇਜਰ ਸਿੰਘ ਨੇ ਮੁੱਖ ਮੰਤਰੀ ਦਫ਼ਤਰ ਵਿਚ ਆਪਣੀ ਸ਼ਿਕਾਇਤ ਦਰਜ ਕਰਵਾਈ, ਜਿਸ ਵਿਚ ਦੋਸ਼ ਲਾਇਆ ਗਿਆ ਹੈ ਕਿ ਨਿਗਮ ਅਧਿਕਾਰੀ ਸਿਮਰਨਜੀਤ ਦੇ ਦਬਾਅ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਅਤੇ ਉਨ੍ਹਾਂ ਦੇ ਸਮਰਥਕਾਂ ’ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਹਾਈ ਕੋਰਟ ਵਿਚ ਦਾਇਰ ਸ਼ਿਕਾਇਤਾਂ ਨੂੰ ਵਾਪਸ ਲੈਣ। ਮੇਜਰ ਸਿੰਘ ਨੇ ਕਿਹਾ ਕਿ ਨਿਗਮ ਅਧਿਕਾਰੀਆਂ ਨੂੰ ਇਕ ਦਸੰਬਰ ਨੂੰ ਅਦਾਲਤ ਵਿਚ ਜਵਾਬ ਦੇਣਾ ਹੈ, ਇਸ ਲਈ ਉਨ੍ਹਾਂ ਵੱਲੋਂ ਬਦਲੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਿਗਮ ਕਮਿਸ਼ਨਰ ਅਤੇ ਬਿਲਡਿੰਗ ਮਹਿਕਮੇ ਦੇ ਅਧਿਕਾਰੀਆਂ ’ਤੇ ਲੋਕਪਾਲ ਵਿਚ ਵੀ ਕੇਸ ਚੱਲ ਰਿਹਾ ਹੈ, ਜਿਸ ਨੂੰ ਵਾਪਸ ਲੈਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਦੂਜੇ ਪਾਸੇ ਸਿਮਰਨਜੀਤ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਦਾਲਤ ’ਤੇ ਪੂਰਾ ਭਰੋਸਾ ਹੈ ਅਤੇ ਨਿਗਮ ਨੇ ਅਦਾਲਤ ਦੇ ਨਿਰਦੇਸ਼ਾਂ ’ਤੇ ਜਿਹੜੀ ਕਾਰਵਾਈ ਕੀਤੀ ਹੈ, ਉਹ ਬਿਲਕੁਲ ਸਹੀ ਹੈ। ਪਤਾ ਲੱਗਾ ਹੈ ਕਿ ਇਸ ਬਾਬਤ ਸਾਰਾ ਮਾਮਲਾ ਵਿਧਾਇਕ ਰਿੰਕੂ ਦੀ ਮਾਰਫ਼ਤ ਚੀਫ ਸੈਕਟਰੀ ਅਨਿਰੁੱਧ ਤਿਵਾੜੀ ਅੱਗੇ ਵੀ ਉਠਾਇਆ ਗਿਆ। ਇਸ ਸਿਆਸੀ ਦਬਾਅ ਦੇ ਤਹਿਤ ਦੇਰ ਰਾਤ ਲਗਭਗ 12 ਵਜੇ ਨਿਗਮ ਦੇ ਮੁਲਾਜ਼ਮਾਂ ਵੱਲੋਂ ਸਵੇਰੇ ਦਾਣਾ-ਪਾਣੀ ਢਾਬੇ ਨੂੰ ਲਾਈ ਸੀਲ ਖੋਲ੍ਹ ਦਿੱਤੀ ਗਈ। 

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਰਵਨੀਤ ਬਿੱਟੂ ਦਾ ਧਮਾਕੇਦਾਰ ਟਵੀਟ, ਕਿਹਾ-ਡਰੱਗ ਜਾਂਚ ਦੀ ਸਮੱਗਰੀ ਕਰੋ ਸਾਂਝੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri