ਭਾਖੜਾ, ਡੈਹਰ, ਪੌਂਗ, ਰਣਜੀਤ ਸਾਗਰ ਡੈਮ ''ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ

09/09/2019 2:11:02 PM

ਪਟਿਆਲਾ - ਪਿਛਲੇ ਕਾਫੀ ਸਮੇਂ ਤੋਂ ਬਾਅਦ ਇਸ ਵਾਰ ਮੌਸਮ 'ਚ ਅਜਿਹੀ ਤਬਦੀਲੀ ਆਈ ਹੈ ਕਿ ਉੱਤਰੀ ਭਾਰਤ ਦੇ ਇਲਾਕਿਆਂ 'ਚ ਹਾਲੇ ਵੀ ਬਰਸਾਤ ਹੋ ਰਹੀ ਹੈ। ਪਹਾੜੀ ਇਲਾਕਿਆਂ 'ਚ ਲਗਾਤਾਰ ਬਰਸਾਤ ਹੋਣ ਕਾਰਨ ਸਾਰੇ ਡੈਮਾਂ ਦੀਆਂ ਝੀਲਾਂ ਪਾਣੀ ਨਾਲ ਭਰੀਆਂ ਹੋਈਆਂ ਹਨ, ਜਿਸ ਤੋਂ ਇਹ ਸਿੱਧ ਹੁੰਦਾ ਹੈ ਭਾਖੜਾ, ਪੌਂਗ ਅਤੇ ਰਣਜੀਤ ਸਾਗਰ ਡੈਮ ਦੀਆਂ ਝੀਲਾਂ 'ਚ ਪਾਣੀ ਦੀ ਆਮਦ ਪਿਛਲੇ ਸਾਲ ਨਾਲੋਂ ਕਿਤੇ ਵੱਧ ਹੈ। ਸੂਤਰਾਂ ਮੁਤਾਬਕ ਮੌਸਮ ਵਿਭਾਗ ਵਲੋਂ ਹਾਲੇ ਵੀ ਬਰਸਾਤ ਹੋਣ ਦੀਆਂ ਭਵਿੱਖ ਬਾਣੀਆਂ ਕੀਤੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ 'ਚ ਪਾਣੀ ਦਾ ਪੱਧਰ 1675 ਫੁੱਟ ਦੇ ਕਰੀਬ ਦੱਸਿਆ ਜਾ ਰਿਹਾ ਹੈ। ਇਸ ਝੀਲ ਅੰਦਰ 7 ਸਤੰਬਰ ਨੂੰ 38447 ਕਿਊਸਿਕ ਪਾਣੀ ਆਇਆ ਸੀ ਤੇ 6 ਸਤੰਬਰ ਨੂੰ 39252 ਕਿਊਸਿਕ ਦਰ ਨਾਲ ਪਾਣੀ ਛੱਡਿਆ ਗਿਆ। ਪਿਛਲੇ ਸਾਲ ਇਸੇ ਸਮੇਂ ਇਹ ਪਾਣੀ ਝੀਲ 'ਚ 34376 ਕਿਊਸਿਕ ਦਰ ਨਾਲ ਆਇਆ ਸੀ। ਪਿਛਲੇ ਸਾਲ ਇਸੇ ਦਿਨ ਝੀਲ ਦੇ ਪਾਣੀ ਦਾ ਪੱਧਰ 1646.91 ਫੁੱਟ ਤੱਕ ਮਾਪਿਆ ਗਿਆ ਸੀ।  

ਇਸੇ ਤਰ੍ਹਾਂ ਡੈਹਰ ਡੈਮ ਦੀ ਝੀਲ 'ਚ ਪਾਣੀ ਦਾ ਪੱਧਰ ਇਸ ਵੇਲੇ 2923 ਫੁੱਟ ਹੈ, ਜਦਕਿ ਪਿਛਲੇ ਸਾਲ ਇਹ ਪੱਧਰ 2924.31 ਫੁੱਟ 'ਤੇ ਸੀ। 7 ਸਤੰਬਰ ਨੂੰ ਝੀਲ ਦੇ ਅੰਦਰ 15615 ਕਿਊਸਿਕ ਦਰ ਨਾਲ ਪਾਣੀ ਆ ਰਿਹਾ ਹੈ ਅਤੇ 6 ਸਤੰਬਰ ਨੂੰ 16245 ਕਿਊਸਿਕ ਦਰ ਨਾਲ ਆਇਆ ਸੀ ਜਦੋਂਕਿ ਪਿਛਲੇ ਸਾਲ ਪਾਣੀ ਦੀ ਆਮਦ 15085 ਕਿਊਸਿਕ ਦਰ ਸੀ। ਪੌਂਗ ਡੈਮ ਦੀ ਝੀਲ 'ਚ ਪਾਣੀ ਦਾ ਪੱਧਰ ਹੁਣ 1388 ਫੁੱਟ 'ਤੇ ਹੈ, ਜੋ ਪਿਛਲੇ ਸਾਲ 1374.89 ਫੁੱਟ ਤੱਕ ਸੀ। 7 ਸਤੰਬਰ ਨੂੰ ਡੈਮ ਦੀ ਝੀਲ ਅੰਦਰ ਪਾਣੀ 17123 ਕਿਊਸਿਕ ਦਰ ਨਾਲ ਆਇਆ ਅਤੇ 6 ਸਤੰਬਰ ਨੂੰ 29847 ਕਿਊਸਿਕ ਦਰ, ਕਿਉਂਕਿ ਇਸ ਵਾਰ ਬਰਸਾਤ ਬਹੁਤ ਜ਼ਿਆਦਾ ਹੋਈ। ਰਣਜੀਤ ਸਾਗਰ ਡੈਮ 'ਚ ਪਾਣੀ ਦਾ ਪੱਧਰ 524.37 ਮੀਟਰ 'ਤੇ ਹੈ, ਜੋ ਪਿਛਲੇ ਸਾਲ 521 ਮੀਟਰ 'ਤੇ ਸੀ। 7 ਸਤੰਬਰ ਨੂੰ ਡੈਮ ਦੀ ਝੀਲ ਅੰਦਰ ਪਾਣੀ ਦੀ ਆਮਦ 11278 ਕਿਊਸਿਕ ਦਰ ਨਾਲ ਹੋ ਰਹੀ ਹੈ ਅਤੇ 6 ਸਤੰਬਰ ਨੂੰ 10537 ਕਿਊਸਿਕ ਦਰ ਨਾਲ ਹੋ ਰਹੀ ਹੈ। ਦੱਸ ਦੇਈਏ ਕਿ ਪਿਛਲੇ ਸਾਲ ਇੱਥੇ ਪਾਣੀ 8026 ਕਿਊਸਿਕ ਦਰ ਨਾਲ ਆਇਆ ਸੀ । ਜ਼ਰੂਰੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਚਾਰੇ ਡੈਮਾਂ ਦੀਆਂ ਝੀਲਾਂ 'ਚ ਪਾਣੀ ਦਾ ਪੱਧਰ ਇਸ ਵੇਲੇ ਖ਼ਤਰੇ ਦੇ ਨਿਸ਼ਾਨ ਤੋਂ ਘੱਟ ਹੈ। ਜੇਕਰ ਆਉਣ ਵਾਲੇ ਦਿਨਾਂ 'ਚ ਪਾਣੀ ਦੀ ਆਮਦ ਪਹਾੜਾਂ 'ਤੇ ਘੱਟ ਜਾਂਦੀ ਹੈ ਤਾਂ ਪਾਣੀ ਹੋਰ ਉੱਚਾ ਨਹੀਂ ਹੋਵੇਗਾ।  

rajwinder kaur

This news is Content Editor rajwinder kaur