ਹੜ੍ਹਾਂ ''ਚ ਹੋਏ ਨੁਕਸਾਨ ਮੁਤਾਬਕ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ : ਚੀਮਾ

08/20/2019 9:30:03 AM

ਚੰਡੀਗੜ੍ਹ (ਅਸ਼ਵਨੀ) : ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸੂਬੇ ਦੇ ਕਈ ਜ਼ਿਲਿਆਂ ਵਿਚ ਆਏ ਹੜ੍ਹਾਂ ਸਦਕਾ ਪੰਜਾਬ ਦੇ ਕਿਸਾਨਾਂ 'ਤੇ ਟੁੱਟੀ ਵੱਡੀ ਬਿਪਤਾ ਲਈ ਢੁੱਕਵਾਂ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਇਥੇ ਡਾ. ਚੀਮਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਹੜ੍ਹ ਪੀੜਤਾਂ ਨੂੰ ਬਹੁਤ ਥੋੜ੍ਹਾ ਮੁਆਵਜ਼ਾ ਦੇ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਵਲੋਂ ਐਲਾਨੀ ਰਾਹਤ ਨੂੰ ਬੇਹੱਦ ਮਾਮੂਲੀ ਕਰਾਰ ਦਿੰਦਿਆਂ ਕਿਹਾ ਕਿ ਪਿਛਲੇ 3 ਦਿਨਾਂ ਤੋਂ ਲਗਾਤਾਰ ਪਏ ਮੀਂਹ ਕਰ ਕੇ ਆਏ ਹੜ੍ਹਾਂ ਸਦਕਾ ਜਿੰਨਾ ਭਾਰੀ ਨੁਕਸਾਨ ਹੋਇਆ ਹੈ, ਉਸ ਲਈ ਇਹ ਮੁਆਵਜ਼ਾ ਬੇਹੱਦ ਨਿਗੂਣਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਰੋਪੜ ਜ਼ਿਲੇ ਵਿਚ ਲਗਭਗ 20 ਪਿੰਡਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿਥੇ ਪਿੰਡਾਂ ਵਿਚ ਹੜ੍ਹਾਂ ਦਾ ਪਾਣੀ ਆਉਣ ਨਾਲ ਝੋਨੇ ਦੀ ਫਸਲ ਪੂਰੀ ਤਬਾਹ ਹੋ ਗਈ ਹੈ। ਸਾਬਕਾ ਮੰਤਰੀ ਨੇ ਲੋਕਾਂ ਨੂੰ ਰਾਹਤ ਅਤੇ ਅੰਤਰਿਮ ਪੈਕਜ ਦੇਣ ਲਈ ਤੁਰੰਤ ਹੰਗਾਮੀ ਕਦਮ ਚੁੱਕਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੜਕਾਂ ਦੀ ਮੁਰੰਮਤ ਲਈ ਵਿਸ਼ੇਸ਼ ਫੰਡ ਜਾਰੀ ਕੀਤੇ ਜਾਣੇ ਚਾਹੀਦੇ ਹਨ ਅਤੇ ਪ੍ਰਭਾਵਿਤ ਪਿੰਡਾਂ ਤਕ ਹਰੇ ਚਾਰੇ ਦੀ ਸਪਲਾਈ ਪਹੁੰਚਾਉਣ ਲਈ ਪ੍ਰਸ਼ਾਸਨ ਨੂੰ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ। ਇਸ ਮੌਕੇ ਡਾਕਟਰ ਚੀਮਾ ਨੇ ਟਰੈਕਟਰ 'ਤੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਅਕਾਲੀ ਵਰਕਰਾਂ ਦੀ ਮਦਦ ਨਾਲ ਚਲਾਏ ਜਾ ਰਹੇ ਹੜ੍ਹ-ਰਾਹਤ ਕਾਰਜਾਂ ਦਾ ਵੀ ਜਾਇਜ਼ਾ ਲਿਆ।

Babita

This news is Content Editor Babita