ਕੈਪਟਨ ਦੇ ਬਰੀ ਹੋਣ ਨਾਲ ਖੁੱਲ੍ਹੀ ਗਠਜੋੜ ਨੇਤਾਵਾਂ ਦੀ ਬਦਲੇ ਦੀ ਰਾਜਨੀਤੀ ਦੀ ਪੋਲ: ਦਲਜੀਤ ਆਹਲੂਵਾਲੀਆ

07/28/2018 5:46:51 PM

ਜਲੰਧਰ (ਚੋਪੜਾ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਦਾਲਤ ਵੱਲੋਂ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਵੱਲੋਂ ਘੋਟਾਲੇ ਦੇ ਮਾਮਲੇ 'ਚ ਬਰੀ ਕਰਨ ਨਾਲ ਅਕਾਲੀ-ਭਾਜਪਾ ਗਠਜੋੜ ਦੀ ਬਦਲੇ ਦੀ ਰਾਜਨੀਤੀ ਦੀ ਪੋਲ ਖੁੱਲ੍ਹ ਗਈ ਹੈ ਕਿ ਬਾਦਲ ਸਰਕਾਰ ਦੇ ਕਾਰਜਕਾਲ 'ਚ ਕਿਸ ਤਰ੍ਹਾਂ ਸਿਆਸੀ ਵਿਰੋਧੀਆਂ 'ਤੇ ਝੂਠੇ ਕੇਸ ਦਰਜ ਕੀਤੇ ਗਏ ਸਨ। ਉਕਤ ਸ਼ਬਦ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਨੇ ਕਹੇ। ਆਹਲੂਵਾਲੀਆ ਨੇ ਦੱਸਿਆ ਕਿ ਅੱਜ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਰਿਆਂ ਦੇ ਸਾਹਮਣੇ ਹੋ ਗਿਆ ਹੈ ਅਤੇ ਸੱਚਾਈ ਦੀ ਹੋਈ ਜਿੱਤ ਨੇ ਦੇਸ਼ ਦੀ ਨਿਆਂ ਪ੍ਰਣਾਲੀ 'ਤੇ ਲੋਕਾਂ ਦਾ ਵਿਸ਼ਵਾਸ਼ ਹੋਰ ਵੀ ਵਧਾ ਦਿੱਤਾ ਹੈ। 
ਕੈਪਟਨ ਅਮਰਿੰਦਰ ਸਿੰਘ ਹੀ ਇਕ ਅਜਿਹੇ ਨੇਤਾ ਹਨ, ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀਅਤ ਦੀ ਰੱਖਿਆ ਕਰਦੇ ਹੋਏ ਪੰਜਾਬ ਦਾ ਪਾਣੀ, ਪ੍ਰਦੇਸ਼ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਲਈ ਸਾਰਥਕ ਕੋਸ਼ਿਸ਼ਾਂ ਕੀਤੀਆਂ। ਪੰਜਾਬ ਅੱਜ ਇਕ ਵਾਰ ਫਿਰ ਤੋਂ ਖੁਸ਼ਹਾਲੀ ਦੇ ਮਾਰਗ 'ਤੇ ਹੈ, ਇਹ ਕੈਪਟਨ ਸਰਕਾਰ ਦੀ ਜਨਹਿਤੈਸ਼ੀ ਨੀਤੀਆਂ ਦੀ ਦੇਣ ਹੈ। 
ਅਕਾਲੀ ਦਲ-ਭਾਜਪਾ ਵੱਲੋਂ ਕੀਤੀ ਗਈ ਘਟੀਆ ਰਾਜਨੀਤੀ ਖਿਲਾਫ ਜਨਤਾ ਪੂਰੀ ਤਰ੍ਹਾਂ ਨਾਲ ਇਕਜੁੱਟ ਹੈ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਵਿਧਾਨ ਸਭਾ ਚੋਣਾਂ 'ਚ ਅਤੇ ਉਸ ਦੇ ਬਾਅਦ ਹੋਈਆਂ ਨਗਰ-ਨਿਗਮ ਸਮੇਤ ਉੱਪ ਚੋਣਾਂ ਵਾਂਗ ਉਸ ਦਾ ਪੂਰੀ ਤਰ੍ਹਾਂ ਬਿਸਤਰ ਗੋਲ ਕਰ ਦੇਵੇਗੀ।