‘ਹਿੰਦੂਵਾਦੀ ਤਾਕਤਾਂ ਨੇ ਕੈਪਟਨ ਨੂੰ ਬਣਾਇਆ ਕਠਪੁਤਲੀ’

12/12/2018 11:29:22 AM

ਚੰਡੀਗੜ੍ਹ (ਭੁੱਲਰ)— ਦਲ ਖਾਲਸਾ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਪਿੱਛੇ ਸਾਜ਼ਿਸ਼ ਹੋਣ ਸਬੰਧੀ ਕੀਤੀ ਟਿੱਪਣੀ ਦੀ ਸਖ਼ਤ ਆਲੋਚਨਾ ਕਰਦਿਆਂ ਦੋਸ਼ ਲਾਇਆ ਹੈ ਕਿ ਹਿੰਦੂਵਾਦੀ ਤਾਕਤਾਂ ਨੇ ਕੈਪਟਨ ਨੂੰ ਆਪਣੇ ਹੱਥਾਂ ਦੀ ਕਠਪੁਤਲੀ ਬਣਾ ਲਿਆ ਹੈ ਤੇ ਕੇਂਦਰ ਨੇ ਉਨ੍ਹਾਂ ਦਾ ਮੋਢਾ ਵਰਤ ਕੇ ਕਰਤਾਰਪੁਰ ਲਾਂਘੇ ਵਿਚ ਅੜਿੱਕਾ ਖੜ੍ਹਾ ਕਰਨ ਦੀ ਖੇਡ ਆਰੰਭ ਦਿੱਤੀ ਹੈ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਦਰਅਸਲ ਕੈਪਟਨ ਨੂੰ ਨਵਜੋਤ ਸਿੰਘ ਸਿੱਧੂ ਦੀ ਲਾਂਘੇ ਵਿਚ ਨਿਭਾਏ ਹਾਂ-ਪੱਖੀ ਰੋਲ ਕਰਕੇ ਕੌਮ ਅੰਦਰ ਹੋ ਰਹੀ ਸਿਫਤ ਹਜ਼ਮ ਨਹੀਂ ਹੋ ਰਹੀ ਅਤੇ ਉਹ ਈਰਖਾ ਵੱਸ ਦਿੱਲੀ ਦੀ ਸਾਜ਼ਿਸ਼ੀ ਖੇਡ ਦਾ ਮੋਹਰਾ ਬਣ ਰਹੇ ਹਨ।

ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਵਿਚ ਲਾਂਘੇ ਸਬੰਧੀ ਉਦਘਾਟਨੀ ਸਮਾਰੋਹ ਵਿਚ ਹਿੱਸਾ ਲੈਣ ਤੋਂ ਬਾਅਦ ਭਾਰਤੀ ਆਗੂ ਅਤੇ ਉਨ੍ਹਾਂ ਦੇ ਪੰਜਾਬ ਅੰਦਰ ਹੱਥ ਠੋਕੇ ਕਰਤਾਰਪੁਰ ਲਾਂਘੇ ਨੂੰ ਪਾਕਿਸਤਾਨ ਫੌਜ ਦੀ ਸਾਜ਼ਿਸ਼ ਦੱਸ ਰਹੇ ਹਨ। ਜੇਕਰ ਭਾਰਤ ਦੇ ਪ੍ਰਧਾਨ ਮੰਤਰੀ, ਜਿਨ੍ਹਾਂ ਕਰਤਾਰਪੁਰ ਸਾਹਿਬ ਲਾਂਘੇ ਦੀ ਬਰਲਿਨ ਦੀ ਕੰਧ ਨਾਲ ਤੁਲਨਾ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਿਆਸੀ ਤੌਰ 'ਤੇ ਇੰਨੇ ਅਣਜਾਣ ਹਨ ਤਾਂ ਫਿਰ ਉਨ੍ਹਾਂ ਨੂੰ ਅਸਤੀਫੇ ਦੇਣੇ ਚਾਹੀਦੇ ਹਨ।  

cherry

This news is Content Editor cherry