ਰੋਜ਼ਾਨਾ 207 ਮੈਗਾਵਾਟ ਬਿਜਲੀ ਊਰਜਾ ਪ੍ਰਦਾਨ ਕਰਨ ਵਾਲੀ ਨਹਿਰ ਦੀ ਹਾਲਤ ਖਸਤਾ

09/19/2017 6:34:29 AM

ਮੁਕੇਰੀਆਂ, (ਸੁਦਰਸ਼ਨ)— 37 ਕਿਲੋਮੀਟਰ ਲੰਬੀ ਮੁਕੇਰੀਆਂ ਹਾਈਡਲ ਨਹਿਰ 'ਤੇ ਸਥਿਤ 4 ਪਣ-ਬਿਜਲੀ ਘਰਾਂ ਰਾਹੀਂ ਰੋਜ਼ਾਨਾ 207 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ, ਜਿਸ ਦਾ ਦੇਸ਼ ਦੀ ਉੱਨਤੀ 'ਚ ਵਿਸ਼ੇਸ਼ ਮਹੱਤਵ ਹੈ ਪਰ ਇਸ ਨਹਿਰ ਦੀ ਹਾਲਤ ਪੂਰਨ ਰੂਪ 'ਚ ਖਸਤਾ ਹੋ ਚੁੱਕੀ ਹੈ। ਲਗਭਗ 1980 'ਚ ਇਸ ਨਹਿਰ ਦਾ ਨਿਰਮਾਣ ਹੋਇਆ ਸੀ ਅਤੇ ਉਦੋਂ ਤੋਂ ਹੀ ਵਿਵਾਦਾਂ 'ਚ ਘਿਰੀ ਹੋਈ ਹੈ ਅਤੇ ਇਸ ਨਾਲ ਸੰਬੰਧਿਤ ਕਈ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ।
ਜ਼ਿਕਰਯੋਗ ਹੈ ਕਿ 20 ਮਈ 1992 ਨੂੰ ਪਿੰਡ ਨਿੱਕੂ ਚੱਕ ਨੇੜਿਓਂ ਨਹਿਰ ਟੁੱਟ ਜਾਣ ਕਾਰਨ 3 ਹਫਤਿਆਂ ਤੱਕ ਚਾਰੋਂ ਬਿਜਲੀ ਘਰ ਬੰਦ ਰਹੇ। ਦੇਸ਼ ਦੇ ਨਾਲ-ਨਾਲ ਸਥਾਨਕ ਲੋਕਾਂ ਨੂੰ ਵੀ ਕਾਫੀ ਨੁਕਸਾਨ ਝੱਲਣਾ ਪਿਆ। ਸਰਕਾਰ ਦੇ ਲਾਰਿਆਂ ਤੋਂ ਇਲਾਵਾ ਲੋਕਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਇਸੇ ਤਰ੍ਹਾਂ ਅਕਤੂਬਰ 1995 ਨੂੰ  ਪਣ-ਬਿਜਲੀ ਘਰ ਪਿੰਡ ਰੈਲੀ ਵਿਖੇ ਨਹਿਰ ਟੁੱਟਣ ਨਾਲ 4 ਪਿੰਡ ਜਲ-ਥਲ ਹੋ  ਗਏ ਅਤੇ ਨਾਲ ਹੀ ਇਸ ਬਿਜਲੀ ਘਰ ਦੀ ਸਾਰੀ ਸ਼ਕਤੀਸ਼ਾਲੀ ਮਸ਼ੀਨਰੀ ਜਾਂ ਤਾਂ ਪਾਣੀ 'ਚ ਵਹਿ ਗਈ ਜਾਂ ਪੂਰੀ ਤਰ੍ਹਾਂ ਕਬਾੜ ਬਣ ਗਈ। ਲਗਭਗ 40 ਦਿਨ ਇਹ ਨਹਿਰ ਬੰਦ ਰਹੀ। 1992 ਅਤੇ 1995 ਦੀਆਂ ਉਪਰੋਕਤ ਦੋਵਾਂ ਘਟਨਾਵਾਂ 'ਚ ਦੇਸ਼  ਨੂੰ ਕੁਲ ਮਿਲਾ ਕੇ 1500 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ।
11500 ਕਿਊਸਿਕ ਸਮਰੱਥਾ ਵਾਲੀ ਇਸ ਨਹਿਰ ਦੀਆਂ ਚਾਰ ਦਰਜਨ ਤੋਂ ਵੀ ਵੱਧ ਥਾਵਾਂ 'ਤੇ ਅਨੇਕਾਂ ਸਲੈਬਾਂ ਧਸ ਚੁੱਕੀਆਂ ਹਨ ਪਰ ਸੰਬੰਧਿਤ ਵਿਭਾਗ ਅੱਖਾਂ ਬੰਦ ਕਰੀ ਬੈਠਾ ਹੈ। ਜਦੋਂ ਕਿਤੇ ਇਸ ਨਹਿਰ ਬਾਰੇ ਅਖਬਾਰਾਂ 'ਚ ਸੁਰਖੀਆਂ ਪ੍ਰਕਾਸ਼ਿਤ ਹੁੰਦੀਆਂ ਹਨ ਤਾਂ ਵਿਭਾਗ ਵੀ ਹਰਕਤ 'ਚ ਆ ਕੇ ਮੁਰੰਮਤ ਤਾਂ ਕਰਦਾ ਹੈ ਪਰ ਮੁਰੰਮਤ ਰੇਤਾ ਦੀਆਂ ਬੋਰੀਆਂ ਲਾ ਕੇ ਕਰ ਦਿੱਤੀ ਜਾਂਦੀ ਹੈ। ਇਸ ਨੂੰ ਤਕਨੀਕੀ ਢੰਗ ਨਾਲ ਵਿਧੀਪੂਰਵਕ ਨਹੀਂ ਕੀਤਾ ਜਾਂਦਾ। ਹੋਣਾ ਤਾਂ ਇਹ ਚਾਹੀਦਾ ਹੈ ਕਿ ਨਹਿਰ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਪਰਮਿਟ ਲੈਣ ਤੋਂ ਬਾਅਦ ਪਿੰਡ ਟੇਰਕੀਆਣਾ ਤੱਕ ਪੂਰੀ 37 ਕਿਲੋਮੀਟਰ ਨਹਿਰ ਦੀ ਮੁਰੰਮਤ ਇਕ ਸਮਾਨ ਕਰਵਾਈ ਜਾਵੇ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਦੁਬਾਰਾ ਨਾ ਹੋਵੇ। ਲਗਭਗ 2 ਸਾਲ ਪਹਿਲਾਂ ਹੋਈ ਮੁਰੰਮਤ  ਦੇ 82 ਲੱਖ ਰੁਪਏ ਸੰਬੰਧਿਤ ਠੇਕੇਦਾਰ ਨੂੰ ਅਜੇ ਤਕ ਨਹੀਂ ਮਿਲੇ, ਜਿਸ ਕਾਰਨ ਹੁਣ ਮੁਰੰਮਤ ਲਈ ਕੋਈ ਠੇਕੇਦਾਰ ਅੱਗੇ ਨਹੀਂ ਆ ਰਿਹਾ।
ਕੀ ਕਹਿੰਦੇ ਨੇ ਅਧਿਕਾਰੀ : ਜਦੋਂ ਸੰਬੰਧਿਤ ਅਧਿਕਾਰੀ ਦੇ ਦਫ਼ਤਰ ਵਿਖੇ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਹ ਸਰਕਾਰੀ ਕੰਮ ਲਈ ਚੰਡੀਗੜ੍ਹ ਗਏ ਹੋਏ ਸਨ, ਪਰ ਵਿਭਾਗ ਦੇ ਹੀ ਇਕ ਹੋਰ ਪ੍ਰਤੀਨਿਧੀ ਨੇ ਦੱਸਿਆ ਕਿ ਮੁਰੰਮਤ ਲਈ ਐਸਟੀਮੇਟ ਲੱਗ ਚੁੱਕਾ ਹੈ। ਹੁਣ ਟੈਂਡਰ ਜਾਰੀ ਹੋਣ 'ਤੇ ਸਰਦੀਆਂ 'ਚ ਕੰਮ ਸ਼ੁਰੂ ਹੋ ਜਾਵੇਗਾ।