ਡੀ. ਸੀ. ਦਫਤਰ ਅੱਗੇ ਆਤਮ-ਹੱਤਿਆ ਕਰਨ ਦੀ ਦਿੱਤੀ ਚਿਤਾਵਨੀ

02/21/2018 5:28:52 AM

ਫਗਵਾੜਾ, (ਰੁਪਿੰਦਰ ਕੌਰ)- ਨਗਰ ਨਿਗਮ ਵਿਚ ਕੰਮ ਕਰ ਰਹੇ 74 ਆਊਟ ਸੋਰਸ ਸਫਾਈ ਸੇਵਕਾਂ ਨੇ ਕੰਮਕਾਜ ਬੰਦ ਕਰ ਕੇ ਰੋਜ਼ਾਨਾ 10 ਤੋਂ 2 ਵਜੇ ਤੱਕ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਆਜ਼ਾਦ ਸੰਘਰਸ਼ ਸਫਾਈ ਯੂਨੀਅਨ ਫਗਵਾੜਾ ਦੇ ਪ੍ਰਧਾਨ ਰਾਜੂ ਨੇ ਦੱਸਿਆ ਕਿ 74 ਕੱਚੇ ਸਫਾਈ ਕਰਮਚਾਰੀਆਂ ਨੇ ਨਗਰ ਨਿਗਮ ਵਿਖੇ ਧਰਨਾ ਦਿੱਤਾ ਹੈ। ਅਸੀਂ 22.9.2015 ਤੋਂ ਨਗਰ ਨਿਗਮ ਵਿਚ ਕੱਚੇ ਸਫਾਈ ਕਰਮਚਾਰੀਆਂ ਦੇ ਤੌਰ 'ਤੇ ਕੰਮ ਕਰਦੇ ਆ ਰਹੇ ਹਾਂ। ਸਾਡੇ ਕੋਲੋਂ ਜ਼ਿਆਦਾ ਕੰਮ ਲਿਆ ਜਾ ਰਿਹਾ ਸੀ ਅਤੇ ਤਨਖਾਹ ਵੀ 2, 3 ਮਹੀਨਿਆਂ ਬਾਅਦ ਦਿੱਤੀ ਜਾਂਦੀ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਸਾਨੂੰ ਤਨਖਾਹ ਨਹੀਂ ਮਿਲੀ। ਤਨਖਾਹ ਨਾ ਮਿਲਣ ਨਾਲ ਸਾਡੇ ਕੁਝ ਸਾਥੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਹੇ ਹਨ ਜਦੋਂ ਅਸੀਂ ਸਹਾਇਕ ਕਮਿਸ਼ਨਰ ਨਾਲ ਤਨਖਾਹ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਹਾਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। 
ਉਨ੍ਹਾਂ ਕਿਹਾ ਕਿ ਸਾਨੂੰ ਬਰਖਾਸਤਗੀ ਦਾ ਕੋਈ ਨੋਟਿਸ ਵੀ ਨਹੀਂ ਦਿੱਤਾ ਗਿਆ। ਬਿਨਾਂ ਨੋਟਿਸ ਦਿੱਤੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮੂਹ 74 ਕੱਚੇ ਸਫਾਈ ਕਰਮਚਾਰੀ ਪੰਜਾਬ ਸਰਕਾਰ ਅਤੇ ਮਾਣਯੋਗ ਡੀ. ਸੀ. ਸਾਹਿਬ ਕਪੂਰਥਲਾ ਕੋਲੋਂ ਮੰਗ ਕਰਦੇ ਹਾਂ ਕਿ ਸਾਨੂੰ ਸਾਡੀ ਬਣਦੀ ਤਨਖਾਹ ਦਿੱਤੀ ਜਾਵੇ। ਸਾਡੀ ਨੌਕਰੀ ਬਹਾਲ ਕੀਤੀ ਜਾਵੇ ਅਤੇ ਸਾਨੂੰ ਪੱਕੇ ਕੀਤਾ ਜਾਵੇ।   
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੇਤ ਪਰਿਵਾਰ ਮਾਣਯੋਗ ਡੀ. ਸੀ. ਦਫਤਰ ਅੱਗੇ ਆਤਮ-ਹੱਤਿਆ ਕਰਨ ਲਈ ਮਜਬੂਰ ਹੋਵਾਂਗੇ।
ਇਸ ਮੌਕੇ ਦੀਪਕ, ਰੇਨੂ, ਕੁਲਵਿੰਦਰ, ਰਜਨੀ, ਬੱਬੂ, ਨੀਰੂ, ਰਘੁਵੀਰ ਸਿੰਘ, ਮੁਕੇਸ਼ ਕੁਮਾਰ, ਗੌਰਵ ਕੁਮਾਰ, ਅਮਿਤ ਕੁਮਾਰ, ਕਵੀ, ਹਰਪ੍ਰੀਤ, ਨਿਤਿਨ ਅਤੇ ਸਮੂਹ ਸਫਾਈ ਕਰਮਚਾਰੀ ਮੌਜੂਦ ਸਨ।
ਜਲਦ ਕਰਮਚਾਰੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਜਾਵੇਗਾ : ਸਹਾਇਕ ਕਮਿਸ਼ਨਰ
ਇਸ ਸਬੰਧੀ ਸਹਾਇਕ ਕਮਿਸ਼ਨਰ ਸੁਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਜਨਵਰੀ ਦੀ ਨਿਗਮ ਹਾਊਸ ਮੀਟਿੰਗ ਵਿਚ ਮਤਾ ਪਾ ਦਿੱਤਾ ਸੀ। ਮੈਂ ਭਰੋਸਾ ਦਿੰਦਾ ਹਾਂ ਕਿ ਬਹੁਤ ਜਲਦ ਕਰਮਚਾਰੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਜਾਵੇਗਾ।