ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਨਸ਼ਾ ਤੇ ਗੈਂਗਸਟਰਾਂ ''ਤੇ ਕਾਬੂ ਪਾਉਣ ਲਈ ਜਾਰੀ ਕੀਤੀਆਂ ਸਖਤ ਹਦਾਇਤਾਂ

07/13/2017 10:56:43 PM

ਸੰਗਰੂਰ (ਬੇਦੀ)- ਪੰਜਾਬ ਪੁਲਸ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਅੱਜ ਪੁਲਸ ਲਾਈਨਜ਼ ਸੰਗਰੂਰ ਵਿਖੇ ਜ਼ਿਲੇ ਦੇ ਪੁਲਸ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕਰ ਕੇ ਜੁਰਮ ਦਰ ਘਟਾਉਣ ਲਈ ਵਿਓਂਤਬੱਧ ਯੋਜਨਾਵਾਂ 'ਤੇ ਅਮਲ ਕਰਨ, ਨਸ਼ਾ ਸਮੱਗਲਰਾਂ ਅਤੇ ਨਸ਼ਿਆਂ ਦੀ ਸਮੱਗਲਿੰਗ ਨੂੰ ਸਖ਼ਤੀ ਨਾਲ ਠੱਲ੍ਹ ਪਾਉਣ, ਪੁਲਸ ਸਟੇਸ਼ਨਾਂ ਦੀ ਨਿਯਮਤ ਜਾਂਚ ਕਰਨ ਸਣੇ ਹੋਰ ਮਹੱਤਵਪੂਰਨ ਮੁੱਦਿਆਂ ਬਾਰੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ।  
ਇਸ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਪੰਜਾਬ ਪੁਲਸ ਵੱਲੋਂ ਸੂਬੇ ਵਿਚ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਾ ਸਮੱਗਲਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਲਈ ਵਿਸ਼ੇਸ਼ ਐਕਸ਼ਨ ਪਲਾਨ ਤਹਿਤ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸਪੈਸ਼ਲ ਟਾਸਕ ਫੋਰਸ 24 ਘੰਟੇ 7 ਦਿਨ ਲਗਾਤਾਰ ਸਰਗਰਮ ਹੈ।
ਉਨ੍ਹਾਂ ਸਮੂਹ ਪੁਲਸ ਅਧਿਕਾਰੀਆਂ ਤੇ ਪੁਲਸ ਮੁਲਾਜ਼ਮਾਂ ਨੂੰ ਇਹ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਕਿ ਕਿਸੇ ਵੀ ਨਸ਼ਾ ਸਮੱਗਲਰ ਜਾਂ ਸਮਾਜ ਵਿਰੋਧੀ ਅਨਸਰ ਨਾਲ ਪੁਲਸ ਅਧਿਕਾਰੀ ਜਾਂ ਕਰਮਚਾਰੀ ਦੀ ਕਿਸੇ ਵੀ ਪ੍ਰਕਾਰ ਦੀ ਸਾਂਝ ਜਾਂ ਨੇੜਤਾ ਸਾਹਮਣੇ ਆਉਣ ਜਾਂ ਕੋਈ ਅਣਗਹਿਲੀ ਵਰਤਣ 'ਤੇ ਉਸ ਖਿਲਾਫ਼ ਵੱਡੀ ਵਿਭਾਗੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਵਿਭਾਗ ਵਿਚ ਤਬਾਦਲਿਆਂ ਦਾ ਕੰਮ ਲੱਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ 'ਚ ਪੰਜਾਬ ਪੁਲਸ ਵੱਲੋਂ ਨਸ਼ਿਆਂ ਦੀ ਸਮੱਗਲਿੰਗ ਦੀ ਰੋਕਥਾਮ, ਗੈਂਗਸਟਰਾਂ ਵਿਰੁੱਧ ਕਾਰਵਾਈ ਸਮੇਤ ਹੋਰ ਵੀ ਅਹਿਮ ਉਪਰਾਲੇ ਕੀਤੇ ਜਾਣਗੇ। ਜਿਹੜੇ ਕੇਸ ਹਾਲੇ ਤੱਕ ਅਣਸੁਲਝੇ ਹਨ, ਉਨ੍ਹਾਂ ਨੂੰ ਹੱਲ ਕਰਨ ਲਈ ਪੰਜਾਬ ਪੁਲਸ ਲਗਾਤਾਰ ਸਰਗਰਮ ਹੈ ਅਤੇ ਜਲਦੀ ਹੀ ਮਾਮਲੇ ਸੁਲਝਾ ਲਏ ਜਾਣਗੇ। ਉਨ੍ਹਾਂ ਨੇ ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਵਿੱਕੀ ਗੋਂਡਰ ਨੂੰ ਵੀ ਜਲਦੀ ਕਾਬੂ ਕਰਨ ਦਾ ਭਰੋਸਾ ਦਿਵਾਇਆ।
ਇਸ ਮੌਕੇ ਉਨ੍ਹਾਂ ਨਾਲ ਆਈ.ਜੀ. ਅਮਰਦੀਪ ਸਿੰਘ ਰਾਏ, ਡੀ.ਆਈ.ਜੀ. ਸੁਖਚੈਨ ਸਿੰਘ ਗਿੱਲ, ਜ਼ਿਲਾ ਪੁਲਸ ਮੁਖੀ ਸੰਗਰੂਰ ਮਨਦੀਪ ਸਿੰਘ ਸਿੱਧੂ, ਐੱਸ.ਪੀ. ਡੀ. ਹਰਮੀਤ ਸਿੰਘ ਹੁੰਦਲ, ਐੱਸ.ਪੀ. ਹੈੱਡਕੁਆਰਟਰ ਹਰਿੰਦਰ ਸਿੰਘ ਸਮੇਤ ਹੋਰ ਪੁਲਸ ਅਧਿਕਾਰੀ ਵੀ ਹਾਜ਼ਰ ਸਨ।